ਟਰੰਪ ਦੀ ਯਾਤਰਾ ਪਾਬੰਦੀ ਹੋਰ ਕਮਜ਼ੋਰ ਪਈ: ਅਦਾਲਤ ਨੇ ਰਿਸ਼ਤੇਦਾਰਾਂ ਦੀ ਸੂਚੀ ਕੀਤੀ ਲੰਬੀ

0
705

trumphandshead
ਦਰਅ/ਬਿਊਰੋ ਨਿਊਜ਼ :
ਅਮਰੀਕਾ ਦੇ ਸੂਬੇ ਹਵਾਈ ਵਿੱਚ ਇਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਾਂ ਹੀ ਪੇਤਲੇ ਕੀਤੇ ਜਾ ਚੁੱਕੇ ਟਰੈਵਲ ਬੈਨ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਇਸ ਜੱਜ ਨੇ ਅਮਰੀਕੀ ਨਾਗਿਰਕਾਂ ਨਾਲ ਪਰਿਵਾਰਕ ਰਿਸ਼ਤੇ ਦੀ ਸੂਚੀ ਦਾ ਦਾਇਰਾ ਵਧਾ ਦਿੱਤਾ ਹੈ। ਗ਼ੌਰਤਲਬ ਹੈ ਕਿ ਮੁਸਲਿਮ ਬਹੁਗਿਣਤੀ ਵਾਲੇ ਛੇ ਮੁਲਕਾਂ ਸੀਰੀਆ, ਲਿਬੀਆ, ਸੂਡਾਨ, ਸੋਮਾਲੀਆ, ਇਰਾਨ ਤੇ ਯਮਨ ਦੇ ਨਾਗਿਰਕਾਂ ਉਤੇ ਯਾਤਰਾ ਸਬੰਧੀ ਪਾਬੰਦੀ ਲਾਈ ਗਈ ਹੈ।
ਯੂਐਸ ਜ਼ਿਲ੍ਹਾ ਜੱਜ ਡੈਰਿਕ ਵਾਟਸਨ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਅਮਰੀਕਾ ਦੇ ਲੋਕਾਂ ਦੇ ਕਿਸੇ ਵੀ ਪਰਿਵਾਰਕ ਰਿਸ਼ਤੇਦਾਰ ਉਤੇ ਰੋਕ ਨਾ ਲਾਈ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤਾ ਕਿ ਸਰਕਾਰ ਉਨ੍ਹਾਂ ਸ਼ਰਨਾਰਥੀਆਂ ਨੂੰ ਬਾਹਰ ਨਹੀਂ ਰੱਖ ਸਕਦੀ, ਜਿਨ੍ਹਾਂ ਨੂੰ ਅਮਰੀਕਾ ਵਿੱਚ ਮੁੜ-ਵਸੇਬਾ ਏਜੰਸੀਆਂ ਵੱਲੋਂ ਸਥਾਪਤ ਕਰਨ ਸਬੰਧੀ ਰਸਮੀ ਭਰੋਸਾ ਤੇ ਵਾਅਦਾ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਅਮਰੀਕਾ ਦੀ ਸੁਪਰੀਮ ਕੋਰਟ, ਜਿਸ ਨੇ ਅਕਤੂਬਰ ਵਿਚ ਸੁਣਵਾਈ ਤੋਂ ਪਹਿਲਾਂ ਪਿਛਲੇ ਮਹੀਨੇ ਸੋਧੇ ਹੋਏ ਟਰੈਵਲ ਬੈਨ ਦੇ ਹੁਕਮਾਂ ਨੂੰ ਹਰੀ ਝੰਡੀ ਦੇ ਦਿੱਤੀ ਸੀ, ਨੇ ਇਸ ਪਾਬੰਦੀ ਤੋਂ ਉਨ੍ਹਾਂ ਵੀਜ਼ਾ ਬਿਨੈਕਾਰਾਂ ਨੂੰ ਛੋਟ ਦਿੱਤੀ ਹੈ, ਜੋ ਅਮਰੀਕੀ ਨਾਗਰਿਕ ਨਾਲ ਰਿਸ਼ਤੇ ਬਾਰੇ ‘ਪ੍ਰਮਾਣ’ ਦੇ ਸਕਦੇ ਹਨ। ਟਰੰਪ ਪ੍ਰਸ਼ਾਸਨ ਨੇ ਰਿਸ਼ਤੇ ਦੀ ਪਰਿਭਾਸ਼ਾ ਨੂੰ ਸੀਮਤ ਕਰਦਿਆਂ ਇਸ ਵਿੱਚ ਸਿਰਫ਼ ਮਾਪਿਆਂ, ਜੀਵਨ ਸਾਥੀ, ਮੰਗੇਤਰ, ਔਲਾਦ, ਜਵਾਈ, ਨੂੰਹ ਜਾਂ ਭਰਾ ਨੂੰ ਹੀ ਸ਼ਾਮਲ ਕੀਤਾ ਸੀ। ਪਰ ਹੁਣ ਜੱਜ ਨੇ ਪਰਿਵਾਰਕ ਰਿਸ਼ਤੇਦਾਰਾਂ ਦੀ ਸੂਚੀ ਲੰਬੀ ਕਰ ਦਿੱਤੀ ਹੈ।
ਟਰੰਪ ਬੋਲੇ-ਮੈਕਸਿਕੋ ਸਰਹੱਦ ‘ਤੇ ਕੰਧ ਨੂੰ ਮਜ਼ਾਕ ਨਾ ਸਮਝੋ :
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਅਮਰੀਕਾ-ਮੈਕਸਿਕੋ ਸਰਹੱਦ ਉਤੇ ਸੂਰਜੀ ਊਰਜਾ ਵਾਲੀ ਕੰਧ ਉਸਾਰਨ ਸਬੰਧੀ ਤਜਵੀਜ਼ ਨੂੰ ਮਜ਼ਾਕ ਨਾ ਸਮਝਿਆ ਜਾਵੇ। ਪੈਰਿਸ ਜਾਂਦੇ ਸਮੇਂ ਜਹਾਜ਼ ਵਿਚ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਕਿਹਾ, ‘ਨਹੀਂ, ਇਹ ਮਜ਼ਾਕ ਨਹੀਂ ਹੈ। ਅਸੀਂ ਊਰਜੀ ਊਰਜਾ ਵਾਲੀ ਕੰਧ ਉਸਾਰ ਸਕਦੇ ਹਾਂ। ਇਸ ਲਈ ਬਹੁਤ ਵਧੀਆ ਮੌਕਾ ਹੈ। ਸਰਹੱਦ ਦੀ ਨਿਗਰਾਨੀ ਕਰਨ ਵਾਲੇ ਕੁੱਝ ਅਧਿਕਾਰੀਆਂ ਵੱਲੋਂ ਅਜਿਹੀ ਕੰਧ ਦੀ ਮੰਗ ਕੀਤੀ ਗਈ ਹੈ, ਜਿਸ ਦੇ ਆਰ-ਪਾਰ ਦੇਖਿਆ ਜਾ ਸਕੇ।’ ਉਨ੍ਹਾਂ ਕਿਹਾ ਕਿ ਮੈਕਸਿਕੋ ਨਾਲ ਲੱਗਦੀ ਸਰਹੱਦ ਦੋ ਹਜ਼ਾਰ ਮੀਲ ਲੰਬੀ ਹੈ ਪਰ ਇਸ ਸਾਰੀ ‘ਤੇ ਕੰਧ ਉਸਾਰਨ ਦੀ ਲੋੜ ਨਹੀਂ ਹੈ ਕਿਉਂਕਿ ਕਈ ਥਾਈਂ ਕੁਦਰਤੀ ਨਾਕੇ ਹਨ।’