ਅਮਰੀਕਾ ਦਾ ਵੀਜ਼ਾ ਲੈਣ ਲਈ ਸ਼ਰਤਾਂ ਹੋਈਆਂ ਹੋਰ ਸਖ਼ਤ

0
369

trump
ਦੇਣਾ ਪਏਗਾ 5 ਸਾਲ ਦਾ ਸੋਸ਼ਲ ਮੀਡੀਆ ਰਿਕਾਰਡ ਤੇ 15 ਸਾਲ ਦੇ ਜੀਵਨ ਦੀ ਜਾਣਕਾਰੀ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਆਉਣ ਦੀ ਇੱਛਾ ਰੱਖਣ ਵਾਲਿਆਂ ਨੂੰ ਹੁਣ ਆਪਣੇ ਵੀਜ਼ੇ ਦੀ ਅਰਜ਼ੀ ਦੇ ਨਾਲ 5 ਸਾਲ ਦਾ ਸੋਸ਼ਲ ਮੀਡੀਆ ਰਿਕਾਰਡ ਅਤੇ 15 ਸਾਲ ਦਾ ਚਰਿੱਤਰ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ। ਇਮੀਗਰੇਸ਼ਨ ਵਿਭਾਗ ਦੇ ਇਸ ਨਾਲ ਸੰਬੰਧਤ ਪ੍ਰਸਤਾਵ ਨੂੰ ਟਰੰਪ ਪ੍ਰਸ਼ਾਸਨ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਮੰਨਿਆ ਜਾਂਦਾ ਹੈ ਕਿ ਵੀਜ਼ਾ ਹਾਸਲ ਕਰਨ ਦੀ ਸਖਤ ਕੀਤੀ ਗਈ ਪ੍ਰਕਿਰਿਆ ਨਾਲ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਹੋਵੇਗੀ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਵੀ ਅਮਰੀਕਾ ਆਉਣ ਵਿਚ ਮੁਸ਼ਕਲ ਪੇਸ਼ ਆਵੇਗੀ। ਇਸ ਦਾ ਮਾੜਾ ਅਸਰ ਅਮਰੀਕਾ ਦੀ ਤਰੱਕੀ ‘ਤੇ ਵੀ ਪਵੇਗਾ।
ਟਰੰਪ ਪ੍ਰਸ਼ਾਸਨ ਨੇ ਦੁਨੀਆ ਭਰ ਦੇ ਅਮਰੀਕੀ ਵੀਜ਼ਾ ਬਿਨੈਕਾਰਾਂ ਲਈ ਇਕ ਨਵੀਂ ਪ੍ਰਸ਼ਨਾਵਲੀ ਬਣਾਈ ਹੈ ਜਿਸ ਵਿਚ ਵੱਖ-ਵੱਖ ਜਾਣਕਾਰੀਆਂ ਮੰਗੀਆਂ ਗਈਆਂ ਹਨ। ਇਹ ਪ੍ਰਸ਼ਨਾਵਲੀ ਅਮਰੀਕਾ ਆਉਣ ਵਾਲੇ ਸੰਭਾਵਿਤ ਲੋਕਾਂ ਦੀ ਜਾਂਚ ਨੂੰ ਸਖਤ ਬਣਾਉਣ ਦੇ ਯਤਨ ਦਾ ਹਿੱਸਾ ਹੈ। ਮੈਨੇਜਮੈਂਟ ਅਤੇ ਬਜਟ ਦਫਤਰ ਨੇ 23 ਮਈ ਨੂੰ ਇਸ ਸੰਬੰਧੀ ਆਪਣੀ ਪ੍ਰਵਾਨਗੀ ਦਿੱਤੀ। ਇਨ੍ਹਾਂ ਨਿਯਮਾਂ ਦੀ ਵਿਦਿਅਕ ਅਧਿਕਾਰੀਆਂ ਅਤੇ ਅਕਾਦਮਿਕ ਗਰੁੱਪਾਂ ਨੇ ਆਲੋਚਨਾ ਕੀਤੀ ਹੈ।