ਮੱਧਕਾਲੀ ਚੋਣ ਨਤੀਜੇ : ਡੈਮੋਕ੍ਰੇਟਸ ਨੂੰ ਹੇਠਲੇ ਸਦਨ ‘ਚ ਬਹੁਮਤ ਮਿਲਿਆ

0
41

trump-08-nov

ਵਾਸ਼ਿੰਗਟਨ/ਬਿਊਰੋ ਨਿਊਜ਼ :

ਮੱਧਕਾਲੀ ਚੋਣਾਂ ਦੇ ਨਤੀਜੇ ਆ ਗਏ ਹਨ ਜਿਸ ਵਿਚ ਵਿਰੋਧੀ ਪਾਰਟੀ ਡੈਮੋਕ੍ਰੇਟਸ ਨੂੰ ਹੇਠਲੇ ਸਦਨ ‘ਚ ਬਹੁਮਤ ਮਿਲ ਗਿਆ ਹੈ। ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰਾ ਝਟਕਾ ਲੱਗਾ ਹੈ।
ਹਾਲਾਂਕਿ ਰਿਪਬਲਿਕਨ ਪਾਰਟੀ ਦਾ ਉਚ ਸਦਨ ਸੈਨੇਟ ‘ਚ ਦਬਦਬਾ ਬਰਕਰਾਰ ਰਿਹਾ ਹੈ ਪਰ ਇਨ੍ਹਾਂ ਨਤੀਜਿਆਂ ਨਾਲ ਵਾਸ਼ਿੰਗਟਨ ‘ਚ ਸ਼ਕਤੀ ਸੰਤੁਲਨ ਬਦਲ ਜਾਣ ਦੀ ਉਮੀਦ ਹੈ। ਸਾਲ 2016 ਵਿੱਚ ਹੋਈਆਂ ਚੋਣਾਂ ‘ਚ ਰਿਪਬਲਿਕਨ ਪਾਰਟੀ ਦਾ ਕਾਂਗਰਸ ਦੇ ਦੋਵਾਂ ਸਦਨਾਂ ‘ਚ ਬਹੁਮਤ ਸੀ ਪਰ ਹੁਣ ਅੱਧ ਮਿਆਦੀ ਚੋਣਾਂ ਦੇ ਨਤੀਜਿਆਂ ਨਾਲ ਰਾਸ਼ਟਰਪਤੀ ਟਰੰਪ ਨੂੰ ਸ਼ਾਸਨ ਚਲਾਉਣ ‘ਚ  ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ। ਇਨ੍ਹਾਂ ਚੋਣਾਂ ਵਿਚ ਕਾਫੀ ਭਾਰਤੀ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੇ ਸਨ।
ਗੌਰਤਲਬ ਹੈ ਕਿ ਅਮਰੀਕਾ ਦੇ ਦੋ ਸਦਨ ਸੈਨੇਟ ਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੀਆਂ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਚਾਰ ਸਾਲ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਇਹ ਚੋਣਾਂ 6 ਨਵੰਬਰ ਨੂੰ ਹੋਈਆਂ ਸਨ ਤੇ ਅਗਲੇ ਦਿਨ ਨਤੀਜੇ ਐਲਾਨੇ ਗਏ ਹਨ। ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੇ ਸਾਰੇ 435 ਮੈਂਬਰ ਹਰ ਦੋ ਸਾਲ ਲਈ ਚੁਣੇ ਜਾਂਦੇ ਹਨ ਅਤੇ ਨਾਲ ਹੀ ਸੈਨੇਟ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਵੀ ਇਨ੍ਹਾਂ ਮੱਧ ਚੋਣਾਂ ਦੌਰਾਨ ਕਰ ਲਈ ਜਾਂਦੀ ਹੈ। ਸੈਨੇਟ ਵਿੱਚ ਬਹੁਮਤ ਲਈ 51 ਸੀਟਾਂ ਅਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਵਿਚ ਬਹੁਮਤ ਸਾਬਤ ਕਰਨ ਲਈ 218 ਸੀਟਾਂ ਚਾਹੀਦੀਆਂ ਹਨ।