ਟਰੰਪ ਨੇ ਪ੍ਰਵਾਸੀਆਂ ਉੱਤੇ ਚਲਾਇਆ ਕੁਹਾੜਾ

0
274

trump_0
ਓਬਾਮਾ ਦੇ ਆਮ ਮੁਆਫ਼ੀ ਪ੍ਰੋਗਰਾਮ ਨੂੰ ਰੱਦ ਕਰਨ ਨਾਲ
7 ਹਜ਼ਾਰ ਭਾਰਤੀਆਂ ਸਮੇਤ 8 ਲੱਖ ਲੋਕ ਹੋਣਗੇ ਪ੍ਰਭਾਵਿਤ
ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਦਾ ਆਮ ਮੁਆਫੀ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਜਿਹੜਾ ਉਨ੍ਹਾਂ ਪ੍ਰਵਾਸੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਹੜੇ ਬੱਚਿਆਂ ਵਜੋਂ ਗੈਰਕਾਨੂੰਨੀ ਤੌਰ ‘ਤੇ ਅਮਰੀਕਾ ਪਹੁੰਚੇ ਸਨ। ਟਰੰਪ ਦੀ ਇਸ ਕਾਰਵਾਈ ਨਾਲ 7000 ਭਾਰਤੀ-ਅਮਰੀਕੀਆਂ ਸਮੇਤ 8 ਲੱਖ ਦਸਤਾਵੇਜ਼ ਵਿਹੂਣੇ ਕਾਮਿਆਂ ‘ਤੇ ਅਸਰ ਪੈਣ ਦੀ ਸੰਭਾਵਨਾ ਹੈ।
ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫੋਂ ਇਹ ਐਲਾਨ ਕਰ ਰਹੇ ਹਨ ਕਿ ‘ਡਾਸਾ’ (ਬੱਚਿਆਂ ਵਜੋਂ ਪਹੁੰਚੇ ਲੋਕਾਂ ਖਿਲਾਫ ਕਾਰਵਾਈ ਟਾਲਣਾ) ਵਜੋਂ ਜਾਣੇ ਜਾਂਦੇ ਇਕ ਪ੍ਰੋਗਰਾਮ ਜਿਹੜਾ ਓਬਾਮਾ ਪ੍ਰਸ਼ਾਸਨ ਵਲੋਂ ਲਾਗੂ ਕੀਤਾ ਗਿਆ ਸੀ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਐਲਾਨ ਜਿਸ ਦਾ ਕੁਝ ਦਿਨ ਪਹਿਲਾਂ ਹੀ ਅਨੁਮਾਨ ਹੋ ਗਿਆ ਸੀ ਵਿਰੁੱਧ ਦੇਸ਼ ਭਰ ਵਿਚ ਮੁਜ਼ਾਹਰੇ ਹੋ ਰਹੇ ਹਨ। ਵਾਈਟ ਹਾਊਸ ਦੇ ਸਾਹਮਣੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ ਹੈ। ਸੈਸ਼ਨਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਆਂ ਵਿਭਾਗ ਨੇ ਰਾਸ਼ਟਰਪਤੀ ਅਤੇ ਗ੍ਰਹਿ ਸੁਰੱਖਿਆ ਬਾਰੇ ਵਿਭਾਗ ਨੂੰ ਸਲਾਹ ਦਿੱਤੀ ਹੈ ਕਿ ਗ੍ਰਹਿ ਵਿਭਾਗ ਨੂੰ ਮੀਮੋ ਜਿਹੜਾ ਇਸ ਪ੍ਰੋਗਰਾਮ ਦਾ ਅਧਿਕਾਰ ਦਿੰਦਾ ਹੈ ਨੂੰ ਰੱਦ ਕਰਨ ਸਮੇਤ ਆਮ ਮੁਆਫੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਪ੍ਰਕਿਰਿਆ ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਰਹੱਦ ਖੋਲ੍ਹਣ ਵਾਲੀ ਨੀਤੀ ਹੈ ਜਿਸ ਨੂੰ ਅਮਰੀਕੀ ਲੋਕਾਂ ਨੇ ਇਕ ਵੱਢਿਓਂ ਰੱਦ ਕਰ ਦਿੱਤਾ ਹੈ। ਇਸ ਲਈ ਇਕ ਦੇਸ਼ ਨੇ ਤੈਅ ਕਰਨਾ ਹੁੰਦਾ ਹੈ ਉਸ ਨੇ ਹਰੇਕ ਸਾਲ ਕਿੰਨੇ ਲੋਕਾਂ ਨੂੰ ਦਾਖਲ ਹੋਣ ਦਾ ਇਜਾਜ਼ਤ ਦੇਣੀ ਹੈ ਜਿਸ ਦਾ ਮਤਲਬ ਹਰ ਇਕ ਨੂੰ ਅਮਰੀਕਾ ‘ਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।