ਟਰੰਪ ਦੀ ਵਾਹਵਾਹੀ ਕਰਾਉਣ ਵਾਲੇ ਅਧਿਕਾਰੀ ਵੱਲੋਂ ਅਸਤੀਫ਼ਾ

0
415

donald-trump
ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਲਡ ਟਰੰਪ ਦੀ ਮੀਡੀਆ ਵਿਚ ਵਾਹਵਾਹੀ ਕਰਾਉਣ ਵਾਲੇ ਡਾਇਰੈਕਟਰ ਐਂਡੀ ਹੈਮਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੈਮਿੰਗ ਅਮਰੀਕੀ ਰਾਸ਼ਟਰਪਤੀ ਬਾਰੇ ਚੰਗੀਆਂ ਖ਼ਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਵੰਡਦਾ ਸੀ। ਮੀਡੀਆ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੂੰ ਫਤਿਹ ਬੁਲਾਉਣ ਵਾਲੇ ਅਧਿਕਾਰੀਆਂ ਦੀ ਸੂਚੀ ਵਿਚ ਇਹ ਨਵਾਂ ਨਾਮ ਵੀ ਜੁੜ ਗਿਆ ਹੈ। ਹੈਮਿੰਗ ਨੇ ਸਾਲਾਨਾ 89 ਹਜ਼ਾਰ ਡਾਲਰ ਦੀ ਨੌਕਰੀ ਨੂੰ ਅਲਿਵਦਾ ਆਖ ਦਿੱਤਾ ਹੈ। ਪੋਲੀਟਿਕੋ ਦੀ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਆਪਸੀ ਫ਼ੈਸਲੇ ਨਾਲ ਇਹ ਰਵਾਨਗੀ ਹੋਈ ਹੈ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ 31 ਵਰ੍ਹਿਆਂ ਦੇ ਇਸ ਅਧਿਕਾਰੀ ਨੂੰ ਜਵਾਬ ਦਿੱਤਾ ਗਿਆ ਹੈ ਜਾਂ ਉਸ ਨੇ ਅਹੁਦੇ ਨੂੰ ਤਿਆਗਿਆ ਹੈ। ਹੈਮਿੰਗ ਦਿਨ ਵਿਚ 17 ਘੰਟੇ ਕੰਮ ਕਰਦਾ ਸੀ ਅਤੇ ਉਸ ਦਾ ਕੰਮ ਇੰਟਰਨੈੱਟ, ਟੈਲੀਵਿਜ਼ਨ ਅਤੇ ਰੇਡੀਓ ਤੋਂ ਪ੍ਰਸ਼ਾਸਨ ਦੀਆਂ ਹਾਂ-ਪੱਖੀ ਖ਼ਬਰਾਂ ਨੂੰ ਲੱਭ ਕੇ ਉਨ੍ਹਾਂ ਨੂੰ ਰਿਪੋਰਟਰਾਂ ਅਤੇ ਟੀਵੀ ਹਸਤੀਆਂ ਕੋਲ ਪਹੁੰਚਾਉਣਾ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਕਿਹਾ ਕਿ ਐਂਡੀ ਬਾਹਰ ਰਹਿ ਕੇ ਰਾਸ਼ਟਰਪਤੀ ਦੇ ਏਜੰਡੇ ਨੂੰ ਫੈਲਾਉਣ ਵਿਚ ਸਹਾਇਤਾ ਕਰ ਸਕਦੇ ਹਨ।