ਸਿੰਗਾਪੁਰ ਦੀ ਉੱਨਤੀ ‘ਚ ਸਿੱਖਾਂ ਦਾ ਅਹਿਮ ਯੋਗਦਾਨ-ਉੱਪ ਪ੍ਰਧਾਨ ਮੰਤਰੀ

0
337

singapur-vice-president-tharman-shanmugaratnam
ਸਿੰਗਾਪੁਰ/ਬਿਊਰੋ ਨਿਊਜ਼
ਸਿੰਗਾਪੁਰ ਦੇ ਡਿਪਟੀ ਪ੍ਰਧਾਨ ਮੰਤਰੀ ਥਾਰਮੈਨ ਸ਼ਾਨਮੂਗ੍ਰਾਟਨਮ ਨੇ ਦੇਸ਼ ਪ੍ਰਤੀ ਸਿੱਖਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਇੱਥੇ ਇੱਕ ਕਰੋੜ ਵੀਹ ਲੱਖ ਸਿੰਗਾਪੁਰੀ ਡਾਲਰ ਦੀ ਲਾਗਤ ਨਾਲ ਤਿਆਰ ਕੀਤੇ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਇੱਥੋਂ ਦਾ ਸਿੱਖ ਭਾਈਚਾਰਾ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਇਸ ਦੀ ਮਿਸਾਲ ਉਹ ਆਪ ਹਨ।
ਉਨ੍ਹਾਂ ਕਿਹਾ ਕਿ ਇਸ  ਬਹੁਨਸਲੀ ਦੇਸ਼ ਵਿੱਚ ਸਿੱਖਾਂ ਨੇ ਹਮੇਸ਼ਾਂ ਮੁਸ਼ਕਿਲ ਵੇਲੇ ਸਾਥ ਦਿੱਤਾ ਹੈ। ਸਿੱਖ ਸਿੰਗਾਪੁਰੀਆਂ ਦਾ ਮਾਣ ਹਨ ਅਤੇ ਉਨ੍ਹਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਉੱਤੇ ਸਿੰਗਾਪਰੀ ਵੀ ਮਾਣ ਕਰਦੇ ਹਨ। ਸਿੰਗਾਪੁਰ ਖਾਲਸਾ ਐਸੋਸੀਏਸ਼ਨ (ਐਸਕੇਏ) ਭਾਈਚਾਰੇ ਦੇ ਕੁੱਝ ਆਗੂਆਂ ਨੇ 1831 ਵਿੱਚ ਇੱਕ ਕਲੱਬ ਵਜੋਂ ਸ਼ੁਰੂ ਕੀਤਾ ਸੀ ਜੋ ਫੁਟਬਾਲ, ਕ੍ਰਿਕਟ ਅਤੇ ਹਾਕੀ ਆਦਿ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਬਣਾਇਆ ਸੀ ਪਰ ਅੱਜ ਐਸਕੇਏ ਇੱਕ ਵੱਡੇ ਵਪਾਰਕ ਕੇਂਦਰ ਵਜੋਂ ਉਭਰ ਚੁੱਕਾ ਹੈ ਅਤੇ ਇੱਥੇ ਹੋਣ ਵਾਲੇ ਸਮਾਗਮ, ਵਪਾਰਕ ਮੀਟਿੰਗਾਂ ਵਧੇਰੇ ਤੌਰ ਉੱਤੇ ਗੈਰ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮੋਹਿੰਦਰ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਮਾਰਤ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।
ਡਿਪਟੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਸਿੱਖ ਭਾਈਚਾਰੇ ਦੇ ਲੋਕ ਸਾਲਾਨਾ ਸਮਾਗਮ ਵਜੋਂ ਵੱਡੇ ਪੱਧਰ ਉੱਤੇ ਵਿਸਾਖੀ ਮੇਲਾ ਮਨਾਉਂਦੇ ਹਨ। ਇਸ ਪ੍ਰਤੀ ਬਾਕੀ ਭਾਈਚਾਰਿਆਂ ਦੇ ਲੋਕ ਵੀ ਖਿੱਚੇ ਆਉਂਦੇ ਹਨ।