ਸਿੱਖ ਟਰੱਕ ਡਰਾਈਵਰਾਂ ਨੇ ਟਰੰਪ ਨੂੰ ਨੇਮ ਰੋਕਣ ਦੀ ਕੀਤੀ ਅਪੀਲ

0
381

sikh-truck-driver
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਸਿੱਖ ਪੋਲੀਟੀਕਲ ਐਕਸ਼ਨ ਕਮੇਟੀ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟਰੱਕਾਂ ਵਿੱਚ ਮਹਿੰਗਾ ਲੌਗਿੰਗ ਯੰਤਰ (ਈਐਲਡੀ) ਲਾਉਣ ਦੇ ਨੇਮ ਨੂੰ ਹਾਲ ਦੀ ਘੜੀ ਰੋਕ ਲਏ। ਕਮੇਟੀ ਨੇ ਕਿਹਾ ਕਿ ਇਸ ਕਦਮ ਨਾਲ ਟਰੱਕ ਇੰਡਸਟਰੀ, ਜਿਸ ਵਿੱਚ ਸਿੱਖ ਅਮਰੀਕੀਆਂ ਦਾ ਦਬਦਬਾ ਹੈ, ‘ਤੇ ਵਾਧੂ ਭਾਰ ਪਏਗਾ। 18 ਦਸੰਬਰ ਤੋਂ ਅਮਲ ਵਿੱਚ ਆਉਣ ਵਾਲੇ ਨਵੇਂ ਨੇਮ ਮੁਤਾਬਕ ਲਗਪਗ ਸਾਰੇ ਕਮਰਸ਼ਲ ਟਰੱਕਾਂ ਨੂੰ ਈਐਲਡੀ ਖਰੀਦ ਕੇ ਟਰੱਕਾਂ ਵਿਚ ਲਾਉਣਾ ਹੋਵੇਗਾ। ਵਾਹਨ ਦੇ ਇੰਜਨ ਨਾਲ ਜੁੜਿਆ ਇਹ ਯੰਤਰ, ਟਰੱਕ ਦੇ ਚੱਲਣ ਅਤੇ ਖੜ੍ਹਾ ਰਹਿਣ ਦੇ ਸਮੇਂ ਨੂੰ ਰਿਕਾਰਡ ਕਰੇਗਾ।
ਇੰਡਿਆਨਪੋਲਿਸ ਅਧਾਰਿਤ ਸਿੱਖ ਪੋਲੀਟਿਕਲ ਐਕਸ਼ਲ ਕਮੇਟੀ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ‘ਅਸੀਂ ਟਰੱਕਾਂ ਵਿਚ ਈਐਲਡੀ ਲਾਉਣ ਦੇ ਨੇਮ ਨੂੰ ਅੱਗੇ ਪਾਉਣ ਦੀ ਮੰਗ ਇਸ ਲਈ ਕੀਤੀ ਹੈ ਤਾਂ ਕਿ ਅਸੀਂ ਇਹ ਯਕੀਨੀ ਕਰ ਸਕੀਏ ਕਿ ਅਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ।’ ਡੇਢ ਲੱਖ ਟਰੱਕ ਡਰਾਈਵਰਾਂ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਦੀ ਨੁਮਾਇੰਦਗੀ ਕਰ ਰਹੇ ਖ਼ਾਲਸਾ ਨੇ ਕਿਹਾ ਕਿ ਫੈਡਰਲ ਮੋਟਰ ਕਰੀਅਰ ਸੇਫ਼ਟੀ ਪ੍ਰਸ਼ਾਸਨ (ਐਫਐਮਸੀਐਸਏ) ਨੇ ਅਜੇ ਤਕ ਕਈ ਯੰਤਰਾਂ ਨੂੰ ਮਾਨਤਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਚਿੰਤਾ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਅਜਿਹੀ ਵਸਤ ਲਈ ਪੈਸੇ ਖਰਚਣੇ ਹੋਣਗੇ, ਜੋ ਕਿ ਵਾਹਨ ਦੇ ਅਨੁਕੂਲ ਨਹੀਂ। ਖ਼ਾਲਸਾ ਨੇ ਕਿਹਾ, ‘ਟਰੱਕ ਕਾਰੋਬਾਰ ਨਾਲ ਸਾਂਭ ਸੰਭਾਲ ਸਮੇਤ ਹੋਰ ਕੋਈ ਖਰਚੇ ਜੁੜੇ ਹਨ। ਯੰਤਰ ਖਰੀਦਣ ਦਾ ਫ਼ੈਸਲਾ ਇੰਨਾ ਸੌਖਾ ਨਹੀਂ। ਜੇਕਰ ਗ਼ਲਤ ਯੰਤਰ ਖਰੀਦ ਲਿਆ ਤਾਂ ਜਿੱਥੇ ਟਰੱਕ ਨੂੰ ਖੜਾਉਣਾ ਪੈ ਸਕਦਾ, ਉਥੇ ਕੰਪਨੀ ਨੂੰ ਜੁਰਮਾਨਾ ਲਾਉਣ ਦੇ ਨਾਲ ਡਰਾਈਵਰ ਦੇ ਕਮਰਸ਼ਲ ਡਰਾਈਵਿੰਗ ਲਾਇਸੈਂਸ ਦੇ ਅੰਕ ਵੀ ਘਟ ਸਕਦੇ ਹਨ।’ ਉਨ੍ਹਾਂ ਕਿਹਾ ਕਿ ਈਐਲਡੀ ਨਾ ਤਾਂ ਸੁਰੱਖਿਅਤ ਅਤੇ ਨਾ ਹੀ ਥੱਕੇ ਹੋਏ ਡਰਾਈਵਰ ਨੂੰ ਮੁੜ ਟਰੱਕ ਚਲਾਉਣ ਤੋਂ ਰੋਕ ਸਕਦਾ ਹੈ।