ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਸਰਵੋਤਮ ਪੁਲੀਸ ਅਫਸਰ ਐਵਾਰਡ ਨਾਲ ਸਨਮਾਨਿਤ

0
326

sikh-sergent-balwinder-singh
ਮੈਰੀਲੈਂਡ/ਬਿਊਰੋ ਨਿਊਜ਼ :
ਮੈਰੀਲੈਂਡ ਦੇ ਕਮਿਸ਼ਨਰ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਨੂੰ ਸਰਵੋਤਮ ਪੁਲੀਸ ਅਫ਼ਸਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸਿੰਘ ਬੇਦੀ ਨੇ ਜੇਲ੍ਹ ਪੁਲੀਸ ਵਿੱਚ ਆਪਣੀ ਨੌਕਰੀ ਬਤੌਰ ਕਾਂਸਟੇਬਲ ਸ਼ੁਰੂ ਕੀਤੀ ਸੀ। ਪੰਜ ਸੌ ਦੀ ਪੁਲੀਸ ਨਫਰੀ ਵਿੱਚ ਇੱਕੋ ਇੱਕ ਸਿੱਖ ਸਾਰਜੈਂਟ ਬਲਵਿੰਦਰ ਸਿੰਘ ਬੇਦੀ ਹੈ, ਜਿਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਵੇਖਦੇ ਹੋਏ ਇਸ ਸਨਮਾਨ ਨਾਲ ਨਿਵਾਜਿਆ ਗਿਆ ਹੈ, ਜੋ ਸਿੱਖ ਭਾਈਚਾਰੇ ਲਈ ਫਖਰ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਬੇਦੀ ਜਦੋਂ ਇਹ ਐਵਾਰਡ ਪ੍ਰਾਪਤ ਕਰਨ ਲਈ ਸਟੇਜ ‘ਤੇ ਪਹੁੰਚੇ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਇਸ ਬਾਰੇ ਬਲਵਿੰਦਰ ਸਿੰਘ ਬੇਦੀ ਦਾ ਕਹਿਣਾ ਹੈ ਕਿ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ ਕਿ ਉਸ ਨੂੰ ਦ੍ਰਿੜ ਇਰਾਦਾ ਮਿਲਿਆ ਹੈ ਅਤੇ ਮੁਸ਼ਕਲ ਤੋਂ ਮੁਸ਼ਕਲ ਸਥਿਤੀ ਵਿੱਚ ਉਨ੍ਹਾਂ ਖਿੜੇ ਮੱਥੇ ਹਰ ਕੰਮ ਨੂੰ ਸਵੀਕਾਰਦੇ ਹੋਏ ਕਾਮਯਾਬੀ ਪ੍ਰਾਪਤ ਕੀਤੀ ਹੈ। ਜਿੱਥੇ ਜੇਲ੍ਹ ਵਿੱਚ ਕੈਦੀ ਵੀ ਉਨ੍ਹਾਂ ਨੂੰ ਅਥਾਹ ਸਤਿਕਾਰਦੇ ਹਨ। ਉੱਥੇ ਪੁਲੀਸ ਅਫਸਰ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਤੇ ਪ੍ਰਭਾਵਤ ਰਹੇ ਹਨ। ‘
ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ, ਭਾਜਪਾ ਮੈਰੀਲੈਂਡ ਬਲਜਿੰਦਰ ਸਿੰਘ ਸ਼ੰਮੀ, ਟਰੰਪ ਡਾਇਵਰਸਿਟੀ ਕੁਲੀਸ਼ਨ ਗਰੁੱਪ ਮੈਰੀਲੈਂਡ ਦੇ ਚੇਅਰਮੈਨ ਸਾਜਿਦ ਤਰਾਰ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਬਖਸ਼ੀਸ਼ ਸਿੰਘ ਵਲੋਂ ਸ. ਬੇਦੀ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।  ਸਿੱਖਸ ਆਫ ਅਮਰੀਕਾ ਵਲੋਂ 4 ਜੁਲਾਈ ਨੂੰ ਉਨ੍ਹਾਂ ਨੂੰ ਵਸ਼ਿੰਗਟਨ ਡੀ.ਸੀ. ਪਰੇਡ ਵਿੱਚ ਸ਼ਾਮਲ ਹੋਣ ਲਈ ਸੱਦਾ ਵੀ ਦਿੱਤਾ ਗਿਆ ਹੈ। ਐਵਾਰਡ ਪ੍ਰਾਪਤੀ ਸਮੇਂ ਬਲਵਿੰਦਰ ਸਿੰਘ ਬੇਦੀ ਦਾ ਪਰਿਵਾਰ ਵੀ ਮੌਜੂਦ ਸੀ। ਉਨ੍ਹਾਂ ਦੀ ਬੇਟੀ ਸਿਮਰ ਤੇ ਉਨ੍ਹਾਂ ਦੀ ਹਮ ਸਫਰ ਐਡਰਾ ਨੇ ਕਿਹਾ ਕਿ ਬੇਦੀ ਸਾਹਿਬ ਜਿੱਥੇ ਵੀ ਰਹੇ, ਜੋ ਵੀ ਕੰਮ ਕੀਤਾ, ਉਸ ਵਿੱਚ ਉਨ੍ਹਾਂ ਨੇ ਸ਼ੋਭਾ ਹੀ ਖੱਟੀ ਹੈ।