ਇੰਡਿਆਨਾ ਸੈਨੇਟ ਵੱਲੋਂ ਸਿੱਖਾਂ ਦੇ ਵਿਕਾਸ ਵਿਚ ਯੋਗਦਾਨ ਨੂੰ ਮਾਨਤਾ

0
725

sikh-indiiana-new
ਇੰਡਿਆਨਾਪੋਲਿਸ/ਬਿਊਰੋ ਨਿਊਜ਼ :
ਇੰਡਿਆਨਾ ਸੈਨੇਟ ਨੇ ਅਮਰੀਕੀ ਸਿੱਖਾਂ ਵੱਲੋਂ ਅਮਰੀਕਾ ਤੇ ਇਸ ਰਾਜ ਦੇ ਵਿਕਾਸ ਲਈ ਪਾਏ ਅਹਿਮ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਇੰਡਿਆਨਾ ਵਿੱਚ ਤਕਰੀਬਨ 3500 ਸਿੱਖ ਰਹਿੰਦੇ ਹਨ, ਜੋ ਪੈਟਰੋਲ ਪੰਪਾਂ, ਜਨਰਲ ਸਟੋਰਾਂ, ਰੇਸਤਰਾਂ, ਟਰੱਕਾਂ ਤੇ ਟਰਾਂਸਪੋਰਟੇਸ਼ਨ ਕਾਰੋਬਾਰ ਦੇ ਮਾਲਕ ਹਨ।
ਇੰਡਿਆਨਾ ਸਟੇਟ ਸੈਨੇਟ 200 ਵੈਸਟ ਵਾਸ਼ਿੰਗਟਨ ਸਟਰੀਟ, ਇੰਡਿਆਨਾਪੋਲਿਸ, ਇੰਡਿਆਨਾ ਵਿੱਚ ਜਦੋਂ ‘ਸਿੱਖ ਮਤਾ’ ਪਾਸ ਕੀਤਾ ਗਿਆ ਤਾਂ ਇਹ ਇੰਡਿਆਨਾ ਵਾਸੀ ਸਿੱਖਾਂ ਲਈ ਇਤਿਹਾਸਕ ਦਿਨ ਹੋ ਨਿਬੜਿਆ। ਇਹ ਮਤਾ ਸੈਨੇਟਰ ਆਰੋਨ ਫਰੀਮੈਨ ਨੇ ਪੇਸ਼ ਕੀਤਾ, ਜਿਸ ਵਿੱਚ ਅਮਰੀਕਾ ਭਰ ਤੇ ਇਸ ਰਾਜ ਦੇ ਵਿਕਾਸ ਲਈ ਅਮਰੀਕੀ ਸਿੱਖਾਂ ਵੱਲੋਂ ਦਿੱਤੇ ਅਹਿਮ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਇਸ ਮੌਕੇ ਦਾ ਗਵਾਹ ਬਣਨ ਲਈ ਪੁੱਜੇ ਸਿੱਖਾਂ ਨਾਲ ਦਰਸ਼ਕ ਗੈਲਰੀ ਭਰੀ ਹੋਈ ਸੀ।
‘ਸਿੱਖਸ ਪੋਲੀਟੀਕਲ ਐਕਸ਼ਨ ਕਮੇਟੀ’ (ਸਿੱਖਸਪੀਏਸੀ) ਦੇ ਬਾਨੀ ਤੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਇਸ ਸੈਸ਼ਨ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ। ਲੈਫਟੀਨੈਂਟ ਗਵਰਨਰ ਸੁਜ਼ੈਨ ਕਰਾਊਚ ਨੇ ਸੈਨੇਟ ਨਾਲ ਸ੍ਰੀ ਖ਼ਾਲਸਾ ਦੀ ਜਾਣ-ਪਛਾਣ ਕਰਵਾਈ। ਸਿੱਖਾਂ ਨੇ ਇਸ ਲਈ ਇੰਡਿਆਨਾ ਦੇ ਪ੍ਰੈਜ਼ੀਡੈਂਟ ਪ੍ਰੋ ਟੇਮਪੋਰ, ਸੈਨੇਟਰ ਆਰੋਨ ਫਰੀਮੈਨ ਅਤੇ ਜੈਕ ਸਾਂਡਿਨ ਦਾ ਇਹ ਮਤਾ ਪੇਸ਼ ਕਰਨ ਲਈ ਧੰਨਵਾਦ ਕੀਤਾ।