ਲਨੈਕਸਾ ‘ਚ ਗੁਰਦੁਆਰਾ ਸਾਹਿਬ ਬਣਾਏ ਜਾਣ ਨੂੰ ਮਨਜ਼ੂਰੀ

0
54

sikh-gurdwara-in-lanexa
ਲਨੈਕਸਾ (ਕੈਨਸਸ)/ਬਿਊਰੋ ਨਿਊਜ਼:
ਕੈਨਸਸ ਸੂਬੇ ਦੇ ਲਨੈਕਸਾ ਸਿਟੀ ਦੀ ਕੌਂਸਲ ਵਲੋਂ ਸ਼ਹਿਰ ਵਿੱਚ ਸਿੱਖ ਗੁਰਦੁਆਰਾ ਸਾਹਿਬ ਬਣਾਏ ਜਾਣ ਦੀ ਸਿਧਾਂਤਕ ਰੂਪ ‘ਚ ਮਨਜੂਰੀ ਦਿੱਤੇ ਜਾਣ ਨਾਲ ਸਿੱਖ ਭਾਈਚਾਰੇ ‘ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਹਾਲਾਂ ਕਿ ਸਥਾਨਕ ਲੋਕਾਂ ਖ਼ਾਸ ਕਰ ਆਂਢ-ਗੁਆਂਢ ਦੇ ਵਸਨੀਕਾਂ ਨੇ ਇਸਦਾ ਵਿਰੋਧ ਕੀਤਾ। ਇਹ ਗੁਰਦੁਆਰਾ ਸਾਹਿਬ ਲੋਨ ਐਲਮ ਰੋਡ ਅਤੇ 101 ਸਟਰੀਟ ਨੇੜ੍ਹੇ ਮਿੱਡਵੈਸਟ ਸਿੱਖ ਐਸ਼ੋਸੀਏਸ਼ਨ ਦੀ ਮਾਲਕੀ ਵਾਲੇ ਖ਼ਾਲੀ ਪਏ ਵੱਡੇ ਪਲਾਟ ਉੱਤੇ ਬਣਾਇਆ ਜਾਣਾ ਹੈ। ਗੁਰਦੁਆਰਾ ਸਾਹਿਬ ਕੁਝ ਏਕੜਾਂ ਉੱਤੇ ਬਣਾਏ ਜਾਣ ਦੀ ਤਜਵੀਜ਼ ਹੈ ਜਦੋਂ ਕਿ ਬਾਕੀ ਜ਼ਮੀਨ ਉੱਤੇ ਰਿਹਾਇਸ਼ੀ ਮਕਾਨ ਬਣਾਏ ਜਾਣਗੇ।
ਲਨੈਸਕਾ ਸਿਟੀ ਕੌਂਸਲ ਨੇ ਲਗਭਗ ਸਾਢੇ ਚਾਰ ਮਿਲੀਅਨ ਡਾਲਰ (ḙ੪.੫ million) ਨਾਲ ਬਣਾਏ ਜਾਣ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਾਜੈਕਟ ਬਾਰੇ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਵਿਚਾਰਾਂ ਸ਼ੁਰੂ ਕੀਤੀਆਂ ਸਨ । ਇਸ ਮੰਗਲਵਾਰ ਨੂੰ ਹੋਈ ਮੀਟਿੰਗ ‘ਚ ਭਰਵੇਂ ਵਿਚਾਰ ਵਟਾਂਦਰੇ ਬਾਅਦ ਇਸ ਸਬੰਧੀ ਮੁਢਲੀ ਯੋਜਨਾ ਨੂੰ ਸਹਿਮਤੀ ਦੇ ਦਿੱਤੀ ਗਈ ਹਾਲਾਂਕਿ ਚਾਰ ਮੈਂਬਰੀ ਕੌਂਸਲ ਦੇ ਦੋ ਮੈਂਬਰਾਂ ਨੇ ਵਿਰੋਧ ਕਰਦਿਆਂ ਕੁਝ ਤਬਦੀਲੀਆਂ ਵਾਸਤੇ ਹੋਰ ਸਮਾਂ ਦਿੱਤੇ ਜਾਣ ਉੱਤੇ ਜੋਰ ਦਿੱਤਾ।
ਕੌਂਸਲ ਮੈਂਬਰ ਬਿੱਲ ਨਿਕਸ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਡਿਜ਼ਾਇਨ ਆਲੇ ਦੁਆਲੇ ਨਾਲ ਮੇਲ ਖਾਂਦਾ ਹੋਵੇ। ਕੁਝ ਹੋਰਨਾਂ ਵਸਨੀਕਾਂ ਨੇ ਇਮਾਰਤ ਦੇ ਗੁੰਬਦ ਦੇ ਰੰਗ ਅਤੇ ਜ਼ਿਆਦਾ ਰੋਸ਼ਨੀਆਂ ਕਾਰਨ ਪੋਲੂਸ਼ਨ ਵੱਧਣ ਦਾ ਮੁੱਦਾ ਵੀ ਉਠਾਇਆ।
ਸਿੱਖ ਭਾਈਚਾਰੇ ਦੇ ਸਰਗਰਮ ਆਗੀ ਸਤਿੰਦਰ ਸਿੰਘ ਹੁੰਦਲ ਨੇ ਇਨ੍ਹਾਂ ਸਵਾਲਾਂ ਬਾਰੇ ਕਿਹਾ ਕਿ ਅਸੀਂ ਨਵੇਂ ਇਲਾਕੇ ਵਿੱਚ ਗੁਰੂ ਘਰ ਬਣਾਉਣ ਜਾ ਰਹੇ ਹਾਂ ਤੇ ਲੋਕਾਂ ਵਲੋਂ ਸਵਾਲ ਉਠਾਏ ਜਾਣੇ ਸੁਭਾਵਕ ਹਨ। ਅਸੀਂ ਇਸ ਸਭ ਕੁਝ ਤਿਆਰ ਸਾਂ। ਪਰ ਸਥਾਨਕ ਵਸਨੀਕਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਹੈ। ਸੱਚਮੁੱਚ ਬਹੁਤ ਸਾਰੇ ਲੋਕ ਬੇਹੱਦ ਚੰਗੇ ਹਨ। ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।