ਨਿਊਯਾਰਕ ਦੀ ‘ਸਿੱਖ ਡੇਅ ਪਰੇਡ’ ਵਿਚ ਸੰਗਤਾਂ ਦਾ ਹੜ੍ਹ

0
234

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ ਦਾ ਸਮੂਹ ਪੰਥਕ
ਜਥੇਬੰਦੀਆਂ ਅਤੇ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਨਾਲ ਸ਼ਾਨਦਾਰ ਉੱਦਮ

2018-04-30-photo-00000034

ਸਿੱਖ ਡੇਅ ਪਰੇਡ ਵਿਚ ਸ਼ਾਮਿਲ ਸਿੱਖ ਸੰਗਤਾਂ
ਨਿਊਯਾਰਕ/ਬਿਊਰੋ ਨਿਊਜ਼ ਤੇ ਮੱਖਣ ਸਿੰਘ ਕਲੇਰ :
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ ਵਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਨਾਲ ਇਥੋਂ ਦੇ ਘੁੱਗ ਵਸਦੇ ਸ਼ਹਿਰ ਮੈਨਹੱਟਨ ਦੇ ਐਨ ਵਿਚਕਾਰ ਕੱਢੀ ਗਈ 31ਵੀਂ ਸਲਾਨਾ ਸਿੱਖ ਪਰੇਡ ‘ਚ ਅਮਰੀਕਾ ਭਰ ‘ਚੋਂ ਪੁਹੰਚੇ ਹਜ਼ਾਰਾਂ ਸਿੱਖਾਂ ਨੇ ਸ਼ਿਰਕਤ ਕੀਤੀ। ਪਰੇਡ ਕਾਰਨ ਆਲਾ ਦੁਆਲਾ ਖਾਲਸਾਈ ਰੰਗ ‘ਚ ਰੰਗਿਆ ਤੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਜਪਾਦਾ ਸੀ।
ਸਿੱਖਾਂ ਨੇ ਆਪਣੇ ‘ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ। ਇੰਜ ਜਾਪ ਰਿਹਾ ਸੀ ਕਿ ਮੈਨਹੱਟਨ ‘ਚ ਦਸਤਾਰਾਂ ਦਾ ਹੜ ਆ ਗਿਆ ਹੈ ਜਦਕਿ 31ਵੀਂ ‘ਸਿੱਖ ਡੇਅ ਪਰੇਡ’ ਦੌਰਾਨ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਵੀ ਰਵਾਇਤੀ ਪੁਸ਼ਾਕਾਂ ‘ਚ ਸਜੇ ਹੋਏ ਸਨ। ਪਰੇਡ ‘ਚ ਕੀਰਤਨ ਗਤਕੇ ਦੇ ਪ੍ਰਦਰਸ਼ਨ ਨਾਲ ਹੀ ਝਾਕੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਰੇਡ ਦੀ ਸਮਾਪਤੀ ਵਾਲੇ ਸਥਾਨ ਤੇ ਲਾਈ ਸਟੇਜ ਤੋਂ ਪਰੇਡ ਦੇ ਪ੍ਰਬੰਧਕ ਵੱਖ ਵੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਤੇ ਨਿਊਯਾਰਕ ਸਟੇਟ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਪਰੇਡ ਵਿੱਚ ਜਿਥੇ ਸਿੱਖਾਂ ਨੇ ਭਾਗ ਲਿਆ ਉਥੇ ਹੀ ਸਿੱਖਾਂ ਦੇ ਹਮਦਰਦ ਕਸ਼ਮੀਰੀ ਭਰਾਵਾਂ ਅਤੇ ਬਾਮਸੇਫ ਦੇ ਕਾਰਕੁਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸ਼ਮੂਲੀਅਤ ਕੀਤੀ।
ਪਰੇਡ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਸੰਗਠਨ ਸਿੱਖਸ ਆਫ਼ ਨਿਊਯਾਰਕ ਦੇ ਸਹਿ-ਸੰਸਥਾਪਕ ਚਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਰੇਡ ਸਾਡੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੀ ਹੈ। 9/11 ਹਮਲੇ ਦੇ ਬਾਅਦ ਤੋਂ ਸਿੱਖ ਭਾਈਚਾਰੇ ਨੂੰ ਨਫ਼ਰਤ ਨਾਲ ਭਰੀ ਹਿੰਸਾ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਜਿਹੇ ਪ੍ਰਬੰਧਾਂ ਨਾਲ ਲੋਕਾਂ ਨੂੰ ਇਹ ਦੱਸਣ ਵਿਚ ਮਦਦ ਮਿਲੇਗੀ ਕਿ ਸਿੱਖ ਵੀ ਅਮਰੀਕੀਆਂ ਜਾਂ ਹੋਰ ਲੋਕਾਂ ਵਰਗੇ ਹੀ ਹਨ। ਪਰੇਡ ਵਿਚ ਲਾਈਵ ਮਿਊਜ਼ਿਕ ਬੈਂਡ, ਮਾਰਚਿੰਗ ਬੈਂਡ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਵੀ ਸ਼ਾਮਿਲ ਸਨ। ਇਸ ਦੌਰਾਨ ਗੱਤਕੇ ਦੇ ਜੌਹਰ ਵੀ ਦਿਖਾਏ ਗਏ।
ਪ੍ਰੇਡ ਦੀ ਸ਼ੁਰੁਆਤ ਤੋਂ ਲੈ ਕੇ ਵਾਪਸੀ ਤੱਕ ਸਾਰੇ ਰਸਤੇ ਖਾਣ-ਪੀਣ ਦੀਆਂ ਵਸਤਾਂ ਦੇ ਲੰਗਰ ਲਗਾਤਾਰ ਚੱਲ ਰਹੇ ਸਨ।
ਬਜ਼ੁਰਗ, ਬੱਚੇ ਤੇ ਔਰਤਾਂ ਸਮੇਤ ਕਾਫ਼ੀ ਗਿਣਤੀ ‘ਚ ਸੰਗਤਾਂ ਚੜ੍ਹਦੀ ਕਲਾ ਵਿੱਚ ਗੁਰਬਾਣੀ ਦਾ ਜਾਪ ਕਰਦੀਆਂ ਵੀ ਨਜ਼ਰੀ ਪੈਂਦੀਆਂ ਸਨ। ਟਰੈਫਿਕ ਦੇ ਸ਼ਾਨਦਾਰ ਪ੍ਰਬੰਧ ਸਨ।
ਪਰੇਡ ‘ਚ ਨਿਊਯਾਰਕ ਸਿਟੀ ਪੁਲੀਸ ਕਮਿਸ਼ਨਰ ਜੇਮਸ ਓ’ਨੀਲ ਅਤੇ ਹੋਬੋਕੇਨ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਹਾਜ਼ਰੀ ਭਰੀ।
ਓ ਨੀਲ ਨੇ ਬਾਅਦ ਵਿਚ ਇਕ ਟਵੀਟ ਵਿਚ ਕਿਹਾ ਕਿ ‘ਪਰੇਡ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਡਾ ਸ਼ਹਿਰ ਭਿੰਨਤਾਵਾਂ ਭਰਿਆ ਬਣ ਰਿਹਾ ਹੈ। ਇਸੇ ਤਰ੍ਹਾਂ ਅਸੀਂ ਵੀ ਨਿਊਯਾਰਕ ਪੁਲਿਸ ਵਿਭਾਗ ਵਿਚ ਵੰਨ ਸੁਵੰਨਤਾ ਲਿਆਉਣ ਲਈ ਪ੍ਰਤੀਬੱਧ ਹਾਂ।”
ਟਰਾਈਸਿਟੀ  ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿੱਚਮਿੰਡ ਹਿੱਲ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨਾ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੀ ਗਈ ਇਸ ਸਿੱਖ ਪਰੇਡ ਵਿੱਚ ਜਿਥੇ ਨਿਊਯਾਰਕ ਸਟੇਟ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਸੰਗਤ ਭਾਰੀ ਤਦਾਦ ਵਿੱਚ ਪਹੁੰਚੀਆਂ ਉਥੇ ਹੀ ਨਿਊਜਰਸੀ, ਪਿੰਨਸਿਲਵੈਨੀਆ, ਵਰਜੀਨੀਆ, ਵਾਸ਼ਿੰਗਟਨ ਡੀਸੀ, ਉਹਾਇਓ, ਇੰਡਿਆਨਾ, ਸ਼ਿਕਾਗੋ, ਮਿਸ਼ੀਗਨ, ਕੈਲੇਫੋਰਨੀਆ ਤੇ ਹੋਰ ਵੱਖ ਵੱਖ ਸਟੇਟਾਂ ਸਮੇਤ ਕਨੈਡਾ ਤੋਂ ਵੀ ਸੰਗਤਾਂ ਇਸ ਪਰੇਡ ਵਿੱਚ ਸ਼ਾਮਿਲ ਹੋਈਆਂ।
ਵਰਨਣਯੋਗ ਹੈ ਕਿ ਅਮਰੀਕਾ ਵਿੱਚ ਸਿਰਫ ਉਨਾਂ ਲੋਕਾਂ ਨੂੰ ਹੀ ਪਰੇਡ ਕੱਢਣ ਦੀ ਇਜਾਜਤ ਹੈ ਜਿਨਾਂ ਦੇ ਆਪਣੇ ਦੇਸ਼ ਹਨ। ਪਰ ਸਿੱਖ ਕੌਮ ਨੂੰ ਇਹ ਮਾਣ ਪ੍ਰਾਪਤ ਹੈ ਬਿਨਾਂ ਆਪਣੇ ਦੇਸ਼ ਤੋਂ ਇਥੇ ਪਰੇਡ ਕੱਢਣ ਦਾ ਸੁਭਾਗ ਪ੍ਰਾਪਤ ਹੈ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੀ ਗਈ ਇਸ ਪਰੇਡ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ, ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਆਪੋ ਆਪਣੀਆਂ ਜਥੇਬੰਦੀਆਂ ਦੇ ਬੈਨਰਾਂ ਹੇਠ ਫਲੋਟ ਲਾਏ ਗਏ ਸਨ। ਵੱਖ-ਵੱਖ ਫਲੋਟਾਂ ਤੋਂ ਢਾਡੀ, ਕਵੀਸ਼ਰੀ ਜਥੇ ਸੂਰਮਗਤੀ ਦੀਆਂ ਵਾਰਾਂ ਗਾਂਉਦੇ ਅਤੇ ਗਤਕੇ ਦੀਆਂ ਟੀਮਾਂ ਆਪਣੇ ਜੌਹਰ ਦਿਖਾਂਉਦੀਆਂ ਸਭਨਾਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਸਨ।
ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੱਡੇ ਪੱਧਰ ਤੇ ਹਾਜਰੀ ਭਰੀ ਗਈ ਜਿਸ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਵਲੋਂ ਇਸ ਪਰੇਡ ਨੂੰ ਸਫਲ ਬਣਾਉਣ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਂਦੇ ਹੋਏ ਪਾਰਟੀ ਦੇ ਬੈਨਰ, ਝੰਡੇ ਤੇ ਤਖਤੀਆਂ ਲੈਕੇ ਸ਼ਮੂਲੀਅਤ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਦੇ ਯੂਨਿਟਾਂ ਦੇ ਮੈਬਰਾਂ ਵਲੋਂ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਗਈ।
ਪਰੇਡ ਵਿੱਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਕਨਵੀਨਰ ਬੂਟਾ ਸਿੰਘ ਖੜੌਦ, ਕੌਮੀ ਜਨਰਲ ਸਕੱਤਰ ਜੀਤ ਸਿੰਘ ਆਲੋਅਰਖ, ਪੈਨਲ ਮੈਂਬਰ ਰੁਪਿੰਦਰ ਸਿੰਘ ਬਾਠ, ਪੈਨਲ ਮੈਂਬਰ ਮੱਖਣ ਸਿੰਘ ਕਲੇਰ, ਮੀਡੀਆ ਇੰਚਾਰਜ ਤੇ ਮੁੱਖ ਬੁਲਾਰਾ ਸਰਬਜੀਤ ਸਿੰਘ ਤੋਂ ਇਲਾਵਾ ਕੈਲੇਫੋਰਨੀਆ ਯੂਨਿਟ ਦੇ ਪ੍ਰਧਾਨ ਤਰਸੇਮ ਸਿੰਘ, ਸ਼ਿਕਾਗੋ ਯੂਨਿਟ ਦੇ ਪ੍ਰਧਾਨ ਲਖਵੀਰ ਸਿੰਘ ਕੰਗ, ਨਿਊਜਰਸੀ ਯੂਨਿਟ ਦੇ ਪ੍ਰਧਾਨ ਜੋਗਾ ਸਿੰਘ, ਵਰਜੀਨੀਆ ਯੂਨਿਟ ਦੇ ਪ੍ਰਧਾਨ ਰੇਸ਼ਮ ਸਿੰਘ ਤੇ ਯੂਥਵਿੰਗ ਅਮਰੀਕਾ ਦੇ ਪ੍ਰਧਾਨ ਅਮਨਦੀਪ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ, ਨਿਊਯਾਰਕ ਯੂਥਵਿੰਗ ਦੇ ਪ੍ਰਧਾਨ ਬਲਜੀਤ ਸਿੰਘ, ਕਮਲਜੀਤ ਸਿੰਘ, ਕਰਨਜੋਤ ਸਿੰਘ ਤੇ ਸ਼ਿਕਾਗੋ ਤੋਂ ਦਲਬੀਰ ਸਿੰਘ ਚੀਮਾ, ਕੈਲੇਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਗੁਰਜੀਤ ਸਿੰਘ ਝਾਂਮਪੁਰ, ਹਰਦੀਪ ਸਿੰਘ, ਜਸਵਿੰਦਰ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ ਤੇ ਪੰਜਾਬ ਤੋਂ ਪਾਰਟੀ ਦੇ ਸੀਨੀਅਰ ਮੈਂਬਰ ਤੇ ਸ਼ਾਹਕੋਟ ਤੋਂ ਚੋਣ ਲੜ ਰਹੇ ਸ.ਸਲੱਖਣ ਸਿੰਘ ਪਹੁੰਚੇ, ਵਰਜੀਨੀਆ ਤੋਂ ਪਵਨਦੀਪ ਸਿੰਘ ਤੇ ਸਾਥੀ, ਨਿਊਜਰਸੀ ਤੋਂ ਅਵਤਾਰ ਸਿੰਘ, ਇੰਦਰਜੀਤ ਸਿੰਘ, ਨਿਊਯਾਰਕ ਤੋਂ ਸੁਰਿੰਦਰ ਸਿੰਘ, ਬਾਬਾ ਅਮਰਜੀਤ ਸਿੰਘ, ਕਰਨੈਲ ਸਿੰਘ ਤੇ ਹੋਰਨਾਂ ਸਿੰਘਾਂ ਨੇ ਪਰਿਵਾਰਾਂ ਤੇ ਬੱਚਿਆਂ ਸਮੇਤ ਹਾਜ਼ਰੀ ਭਰੀ ।