ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ‘ਚ ਸਿੱਖਾਂ ਉਤੇ ਹਿੰਸਕ ਹਮਲੇ ਹੋਣ ਦੀਆਂ ਖਬਰਾਂ

0
170

shilaung-02-june
ਦੋ ਸੌ ਦੇ ਕਰੀਬ ਸਿੱਖ ਪਰਿਵਾਰਾਂ ਦੀ ਜਾਨ ਤੇ ਮਾਲ ਨੂੰ ਖਤਰਾ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤ ਦੇ ਉਤਰ-ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਇਕ ਛੋਟੀ ਜਿਹੀ ਘਟਨਾ ਨੂੰ ਆਧਾਰ ਬਣਾ ਕੇ ਇਥੇ ਰਹਿ ਰਹੇ ਸਿੱਖ ਪਰਿਵਾਰਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਭਾਵੇੱ ਅਧਿਕਾਰਤ ਤੌਰ ‘ਤੇ ਇਨ੍ਹਾਂ ਖਬਰਾਂ ਦੀ ਹਾਲਾਂ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਪੰਜਾਬ ਦੇ ਕੁਝ ਨਾਮੀ ਪੱਤਰਕਾਰਾਂ ਅਤੇ ਮੀਡੀਆ ਦਫਤਰਾਂ ਵਿਚ ਇਸ ਬਾਬਤ ਫੋਨ ਆ ਰਹੇ ਹਨ। ਫੋਨ ਕਰਨ ਵਾਲਿਆਂ ਵੱਲੋਂ ਆਪਣੇ ਆਪ ਨੂੰ  ਸ਼ਿਲੌਂਗ ਵਿਚ ਰਹਿ ਰਹੇ ਸਿੱਖ ਦੱਸਦਿਆਂ ਅਜਿਹਾ ਸੰਕਟ ਪੈਦਾ ਹੋਣ ਬਾਰੇ ਦੱਸਿਆ ਜਾ ਰਿਹਾ ਤੇ ਮਦਦ ਲਈ ਪੁਕਾਰ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਕ ਬੱਸ ਕੰਡਕਟਰ ਨਾਲ ਸਿੱਖ ਮੁੰਡਿਆਂ ਦੇ ਝਗੜੇ ਤੋਂ ਬਾਅਦ ਇਸ ਨੂੰ ਜਾਣਬੁੱਝ ਕੇ ਫਿਰਕੂ ਰੰਗ ਦੇ ਦਿਤਾ ਗਿਆ ਤੇ ਸਿੱਖ ਭਾਈਚਾਰੇ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਲਗਾਤਾਰ ਤਿੰਨ ਦਿਨ ਤੋਂ ਨਿਸ਼ਾਨਾ ਬਣਾਇਆ ਰਿਹਾ ਹੈ।
ਸਿੱਖ ਪਰਿਵਾਰਾਂ ਨੇ ਕਿਹਾ ਹੈ ਕਿ ਸਾਡੀਆਂ ਜ਼ਿੰਦਗੀਆਂ ਖਤਰੇ ਵਿਚ ਹਨ। ਇਸ ਸ਼ਹਿਰ ਵਿਚ ਰਹਿੰਦੇ ਕਰੀਬ 200 ਸਿੱਖ ਪਰਿਵਾਰਾਂ ਨੂੰ ਆਪਣੇ ਘਰਾਂ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਮੌਤ ਘੁੰਮਦੀ ਨਜ਼ਰ ਆ ਰਹੀ ਹੈ। ਪਿਛਲੇ ਦਿਨ ਵਾਪਰੀ ਇੱਕ ਮਾਮੂਲੀ ਜਿਹੀ ਘਟਨਾ ਨੇ ਸ਼ਹਿਰ ਦੀ ਹਵਾ ਵਿਚ ਅਜਿਹਾ ਫਿਰਕੂ ਜ਼ਹਿਰ ਘੋਲ ਦਿੱਤਾ ਹੈ ਕਿ ਸਥਾਨਕ ਬਹੁ-ਗਿਣਤੀ ਨੇ ਸਿੱਖ ਭਾਈਚਾਰੇ ਦੇ ਘਰਾਂ, ਦੁਕਾਨਾਂ ਅਤੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਤ ਕੰਟਰੋਲ ਵਿਚੋਂ ਬਾਹਰ ਜਾਂਦੇ ਦੇਖ ਕੇ ਭਾਂਵੇ ਸੂਬਾ ਸਰਕਾਰ ਵੱਲੋਂ ਇੱਥੇ ਕਰਫਿਊ ਲਗਾ ਦਿੱਤਾ ਗਿਆ ਹੈ, ਪਰ ਅਜੇ ਸਥਾਨਕ ਪ੍ਰਸਾਸ਼ਨ ਦੀ ਮਿਲੀ-ਭੁਗਤ ਸਦਕਾ ਸਥਾਨਕ ਵਾਸੀਆਂ ਵੱਲੋਂ ਸਿੱਖ ਭਾਈਚਾਰੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਤਾਜ਼ਾ ਸਥਿਤੀ ਇਹ  ਹੈ ਕਿ ਆਪਣੀਆਂ ਜਾਨਾਂ ਬਚਾਉਣ ਲਈ 40-50 ਦੇ ਕਰੀਬ ਸਿੱਖ ਨੌਜਵਾਨ ਹੱਥਾਂ ਵਿਚ ਤਲਵਾਰਾਂ ਲੈ ਕੇ ਆਪਣੇ ਪਰਿਵਾਰਾਂ ਦੀ ਰਾਖੀ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਿੱਖ ਨੌਜਵਾਨ ਨੇ ਫੋਨ ਉਤੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਸਥਾਨਕ ਲੋਕਾਂ ਦੀ ਭੀੜ ਵੱਲੋਂ ਸਿੱਖ ਭਾਈਚਾਰੇ ਦੇ ਘਰਾਂ, ਦੁਕਾਨਾਂ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਦੀ ਜਾ ਰਹੀਆਂ ਹਨ। ਕਰਫਿਊ ਲੱਗਿਆ ਹੋਣ ਦੇ ਬਾਵਜੂਦ ਦੰਗਈਆਂ ਦੀ ਭੀੜ ਆ ਕੇ ਸਿੱਖਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਤੇ ਕਿਰਚਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਅਤੇ ਸਥਾਨਕ ਪੁਲਿਸ ਕੋਈ ਕਾਰਵਾਈ ਕਰਨ ਦੀ ਥਾਂ ਵੇਖ ਕੇ ਅੱਖਾਂ ਬੰਦ ਕਰ ਰਹੀ ਹੈ।
ਇਸ ਫਿਰਕੂ ਤਣਾਅ ਲਈ ਜ਼ਿੰਮੇਵਾਰ ਘਟਨਾ ਦੀ ਜਾਣਕਾਰੀ ਦਿੰਦਿਆਂ ਇਕ ਹੋਰ ਸਿੱਖ ਨੌਜਵਾਨ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਸਿੱਖ ਕੁੜੀ ਉੱਤੇ ਸਥਾਨਕ ਭਾਈਚਾਰੇ ਨਾਲ ਸਬੰਧਿਤ ਨੌਜਵਾਨ ਨੇ ਬਾਜ਼ਾਰ ਵਿਚ ਭੱਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸ 1ੁ’ਤੇ ਕੁੜੀ ਨੇ ਨੌਜਵਾਨ ਨੂੰ ਚਪੇੜ ਮਾਰ ਦਿੱਤੀ ਸੀ। ਨੌਜਵਾਨ ਨੇ ਜਦੋਂ ਲੜਕੀ ਉੱਤੇ ਮੋੜਵਾਂ ਵਾਰ ਕੀਤਾ ਤਾਂ ਕੁਝ ਸਿੱਖ ਨੌਜਵਾਨਾਂ ਨੇ ਫੜ ਕੇ ਉਸ ਦੀ ਭੁਗਤ ਸਵਾਰ ਦਿੱਤੀ। ਬਾਅਦ ਵਿਚ ਉਹ ਉਸ ਨੌਜਵਾਨ ਨੂੰ ਹਸਪਤਾਲ ਵੀ ਲੈ ਕੇ ਗਏ ਅਤੇ ਪੁਲਿਸ ਕੋਲ ਦੋਵੇਂ ਧਿਰਾਂ ਨੇ ਰਾਜ਼ੀਨਾਮਾ ਵੀ ਕਰ ਲਿਆ।
ਸਿੱਖਾਂ ਦਾ ਮੰਨਣਾ ਹੈ ਕਿ ਪਹਿਲਾਂ ਤੋਂ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਰੰਜ਼ਿਸ ਰੱਖਣ ਵਾਲੇ ਕੁਝ ਸ਼ਰਾਰਤੀ ਤੱਤਾਂ ਨੇ ਇਸ ਘਟਨਾ ਨੂੰ ਫਿਰਕੂ ਰੰਗ ਦੇ ਦਿੱਤਾ ਅਤੇ ਸਥਾਨਕ ਗੁੰਡਿਆਂ ਦੀ ਭੀੜ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਨੌਜਵਾਨ ਨੇ ਦੱਸਿਆ ਕਿ ਅਸੀਂ ਸਿੱਖ ਪਰਿਵਾਰਾਂ ਦੀ ਰਾਖੀ ਕਰਨ ਵਾਲੇ ਸਿਰਫ 40-50 ਨੌਜਵਾਨ ਹਾਂ ਜਦਕਿ ਸ਼ਹਿਰ ਵਿਚ ਹਮਲਾਵਰ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਬੈਠੇ ਹਨ। ਸਾਨੂੰ ਕਿਸੇ ਵੀ ਸਮੇਂ ਕੋਈ  ਵੀ ਅਣਹੋਣੀ ਵਾਪਰਨ ਦਾ ਖਦਸ਼ਾ ਹੈ। ਸਥਾਨਕ ਪੁਲਿਸ ਉੱਤੇ ਸਾਨੂੰ ਬਿਲਕੁਲ ਭਰੋਸਾ ਨਹੀਂ ਹੈ। ਸਾਡੀਆਂ ਜ਼ਿੰਦਗੀਆਂ ਖ਼ਤਰੇ ਵਿਚ ਹਨ। ਜੇਕਰ ਸੂਬੇ ਦੇ ਮੁੱਖ ਮੰਤਰੀ ਨੇ ਫੌਰੀ ਕਾਰਵਾਈ ਨਾ ਕੀਤੀ ਤਾਂ ਇੱਥੇ ਸਿੱਖਾਂ ਦੀ ਨਸਲਕੁਸ਼ੀ ਹੋ ਸਕਦੀ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿਤੀ ਹੈ ਕਿ ਉਨ੍ਹਾਂ ਨੇ ਸ਼ਿਲੌਂਗ ਵਿਚ ਪੈਦਾ ਹੋਏ ਤਾਜ਼ਾ ਘਟਨਾਕ੍ਰਮ ਬਾਰੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਡ ਸੰਗਮਾ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।