ਸੈਨਹੋਜ਼ੇ ਗੁਰਦੁਆਰਾ ਕਮੇਟੀ ਵਲੋਂ ਭਾਈ ਸਰਬਜੋਤ ਸਿੰਘ ਸਵੱਦੀ ਨੂੰ ਸੇਵਾ ਮੁਕਤ ਕੀਤਾ

0
1023

sarabjot-singh
ਸੈਨਹੋਜ਼ੇ/ਬਿਊਰੋ ਨਿਊਜ਼:
ਸੈਨਹੋਜ਼ੇ ਗੁਰਦੁਆਰਾ ਕਮੇਟੀ ਨੇ ਭਾਈ ਸਰਬਜੋਤ ਸਿੰਘ ਸਵੱਦੀ ਨੂੰ ਕਮੇਟੀ ਦੇ 15 ਮੈਂਬਰਾਂ ਵਲੋਂ ਵੋਟਾਂ ਪਾ ਕੇ ਕੱਢ ਦਿੱਤਾ ਹੈ। ਗੁਰਦੁਆਰਾ ਕਮੇਟੀ ਵਲੋਂ ਲੰਘੇ ਐਤਵਾਰ ਕੀਤੇ ਗਏ ਇਹ ਤਾਨਾਸ਼ਾਹੀ ਫੈਸਲੇ ਵਿਰੁਧ ਰੋਸ ਵਜੋਂ ਇਕ ਹੋਰ ਕਮੇਟੀ ਮੈਂਬਰ ਨੀਟੂ ਸਿੰਘ ਕਾਹਲੋਂ ਵੀ ਅਸਤੀਫ਼ਾ ਦੇ ਗਿਆ ਹੈ। ਭਾਈ ਸਵੱਦੀ ਨੂੰ ਕਮੇਟੀ ਵਿਚੋਂ ਕੱਢੇ ਜਾਣ ਦਾ ਕਾਰਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਦੱਸਿਆ ਜਾਂਦਾ ਹੈ। ਕਮੇਟੀ ਦੇ ਜਨਰਲ ਸੈਕਟਰੀ ਪ੍ਰੀਤਮ ਸਿੰਘ ਗਰੇਵਾਲ ਨੇ ਦੋਸ਼ ਲਾਇਆ ਕਿ ਸੰਤ ਢੱਡਰੀਆਂ ਵਾਲਿਆਂ ਦੇ ਪ੍ਰੋਗਰਾਮ ਵੇਲੇ ਹੋਏ ਝਗੜੇ ਵੇਲੇ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਭਾਈ ਸਵੱਦੀ ਨੇ ਬੁਲਾਇਆ ਸੀ। ਹੈਰਾਨੀ ਦੀ ਗੱਲ ਹੈ ਕਿ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਸੈਨਹੋਜ਼ੇ ਬੁਲਾਉਣ ਵਾਲਿਆਂ ਵਿਚ ਭਾਈ ਸੁਖਦੇਵ ਸਿੰਘ ਬੈਨੀਵਾਲ ਵੀ ਸੀ। ਪਿਛਲੇ ਦੋ-ਤਿੰਨ ਸਾਲਾਂ ਤੋਂ ਪ੍ਰੀਤਮ ਸਿੰਘ ਗਰੇਵਾਲ ਹੀ ਬਾਬ ਢਿਲੋਂ ਵਿਰੁੱਧ ਭਾਈ ਸਵੱਦੀ ਅਤੇ ਨੀਟੂ ਕਾਹਲੋਂ ਨੂੰ ਵਰਤਦਾ ਆ ਰਿਹਾ ਹੈ ਅਤੇ ਇਕ ਅਲੱਗ ਧੜਾ ਬਣਾ ਕੇ ਚੋਣਾਂ ਲੜਨ ਦੀ ਵਿਉਂਤ ਵੀ ਬਣਾਉਂਦਾ ਰਿਹਾ ਹੈ ਪਰ ਹੁਣ ਉਹ ਪਾਸਾ ਬਦਲਕੇ ਭਾਈ ਸਵੱਦੀ ਨੂੰ ਕਢਵਾਉਣ ਲਈ ਬਾਬ ਢਿਲੋਂ ਨਾਲ ਜਾ ਰਲਿਆ। ਦਸਿਆ ਜਾਂਦਾ ਹੈ ਕਿ ਪ੍ਰੀਤਮ ਸਿੰਘ ਗਰੇਵਾਲ ਦੇ ਸੰਤ ਢੱਡਰੀਆਂ ਵਾਲੇ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਸ ਦਾ ਗਰੀਨ ਕਾਰਡ ਵੀ ਇਸ ਗੁਰਦੁਆਰਾ ਸਾਹਿਬ ਵਿਚੋਂ ਹੀ ਅਪਲਾਈ ਹੋਇਆ ਹੈ। ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਨਾਲ ਗੱਲਬਾਤ ਕਰਦੇ ਭਾਈ ਸਵੱਦੀ ਨੇ ਕਿਹਾ ਕਿ ਹੁਣ ਤੱਕ 100 ਤੋਂ ਉਪਰ ਗਰੀਨ ਕਾਰਡ ਕਮੇਟੀ ਅਪਲਾਈ ਕਰ ਚੁੱਕੀ ਹੈ ਅਤੇ ਕਈ ਉਹਨਾਂ ਵਿਚੋਂ ਜਥੇ ਵੀ ਨਹੀਂ।
ਵਰਨਣਯੋਗ ਹੈ ਕਿ ਸੈਨਹੋਜ਼ੇ ਗੁਰਦੁਆਰਾ ਸਾਹਿਬ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਹੈ ਪਰ ਇਸ ਦੇ ਪ੍ਰਧਾਨ, ਜਨਰਲ ਸੈਕਟਰੀ ਅਤੇ ਖਜ਼ਾਨਚੀ ਦੇ ਅਹੁਦੇ ‘ਚੇ ਬੈਠੇ ਵਿਅਕਤੀਆਂ ਵਿਚੋਂ ਇਕ ਵੀ ਅੰਮ੍ਰਿਤਧਾਰੀ ਨਹੀਂ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪੰਥ ਦੇ ਚੱਲ ਰਹੇ ਸੰਘਰਸ਼ ਦੇ ਵਿਰੁੱਧ ਹੀ ਭੁਗਤਦੀ ਆ ਰਹੀ ਹੈ ਅਤੇ ਭਾਰਤੀ ਕੌਂਸਲੇਟ ਦੇ ਲੋਕ ਇਥੋਂ ਸਿਰੋਪਾਓ ਲੈਂਦੇ ਰਹੇ ਹਨ। ਸਾਰੀ ਦੁਨੀਆਂ ਦੇ ਗੁਰਦੁਆਰਾ ਸਾਹਿਬਾਨ ਨੇ ਹਾਲ ਹੀ ਵਿਚ ਭਾਰਤੀ ਕੌਂਸਲੇਟਾਂ ਦੀ ਗੁਰਦੁਆਰਿਆਂ ਵਿਚ ਦਖ਼ਲ ਅੰਦਾਜ਼ੀ ਰੋਕਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਕਮੇਟੀ ਦੇ ਪ੍ਰੋਗਰਾਮ ਵਿਚ ਬੋਲਣ ਜਾਂ ਸੱਦਣ ‘ਤੇ ਪਾਬੰਦੀ ਲਾਈ ਹੈ ਪਰ ਇਸ ਗੁਰਦੁਆਰਾ ਕਮੇਟੀ ਨੇ ਉਸ ਲਹਿਰ ਨਾਲੋਂ ਪਾਸਾ ਹੀ ਵੱਟੀ ਰੱਖਿਆ ਅਤੇ ਕੋਈ ਪਾਬੰਦੀ ਨਹੀਂ ਲਗਾਈ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗੁਰਦੁਆਰਿਆਂ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ 1984 ਦੇ ਹਮਲੇ ਦੀ ਯਾਦ ਵਿਚ ਸੈਨਫਰਾਂਸਿਸਕੋ ‘ਚ ਹਰ ਸਾਲ ਹੁੰਦੇ ਨਗਰ ਕੀਰਤਨ ਵਿਚ ਇਸ ਗੁਰਦੁਆਰੇ ਦੀ ਕਮੇਟੀ ਨੇ ਸ਼ਮੂਲੀਅਤ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ। ਸਿੱਖਾਂ ਦੀ ਮਾਇਆ ਨਾਲ ਬਣੇ ਗੁਰਦੁਆਰੇ ਸਿੱਖਾਂ ਦੇ ਹੱਕਾਂ ਵਿਰੁੱਧ ਹੀ ਵਰਤੇ ਜਾ ਰਹੇ ਹਨ।
‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਨਾਲ ਗੱਲਬਾਤ ਕਰਦੇ ਹੋਏ ਨੀਟੂ ਸਿੰਘ ਕਾਹਲੋਂ ਨੇ ਕਿਹਾ ਕਿ ‘ਬਾਬ ਢਿਲੋਂ ਦਾ ਪਤਨ ਸ਼ੁਰੂ ਹੋ ਗਿਆ ਹੈ। ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ। ਜਦੋਂ ਤੁਸੀਂ ਆਪਣੇ ਲੋਕਾਂ ਨਾਲ ਧੋਖਾ ਕਰਨ ਲੱਗ ਜਾਓ ਤਾਂ ਜ਼ਿਆਦਾ ਦੇਰ ਤਾਕਤ ਬਰਕਰਾਰ ਰੱਖਣੀ ਸੰਭਵ ਨਹੀਂ।’
ਯਾਦ ਰਹੇ, ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਪਿਛਲੇ 9-10 ਸਾਲ ਤੋਂ ਗੁਰਦੁਆਰਾ ਕਮੇਟੀ ਨੂੰ ਉਸਾਰੀ ‘ਤੇ ਲੱਗੇ ਤਕਰੀਬਨ 25 ਮਿਲੀਅਨ ਡਾਲਰਾਂ ਦਾ ਆਡਿਟ ਕਰਾਉਣ ਦੀ ਬੇਨਤੀ ਕਰ ਰਿਹਾ ਹੈ ਪਰ ਕਮੇਟੀ ਨੇ ਹਾਲੇ ਤੱਕ ਕਿਸੇ ਵੀ ਆਜ਼ਾਦਾਨਾ ਕੰਪਨੀ ਵਲੋਂ ਆਡਿਟ ਨਹੀਂ ਕਰਾਇਆ।
ਆਖੀਰ ਵਿਚ ਭਾਈ ਸਵੱਦੀ ਨੇ ਕਿਹਾ ਕਿ, ‘ਸੰਗਤ ਵਿਚ ਬਾਬ ਢਿਲੋਂ ਦਾ ਅਕਸ ਇੰਨਾ ਚੰਗਾ ਨਹੀਂ ਅਤੇ ਮੈਂ ਉਸ ਨੂੰ ਚੈਲੰਜ ਕਰਦਾ ਹਾਂ ਕਿ ਮੇਰੇ ਨਾਲ ਚੋਣ ਲੜਕੇ ਦੇਖ ਲਏ ਤਾਂ ਪਤਾ ਲੱਗ ਜਾਏਗਾ ਕਿ ਸੰਗਤ ਕਿਸ ਨਾਲ ਹੈ।’ ਪ੍ਰੀਤਮ ਸਿੰਘ ਗਰੇਵਾਲ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਸਟੈਂਡ ਨਹੀਂ ਅਤੇ ਉਹ ਦਿਨ ਦੂਰ ਨਹੀਂ ਜਦੋਂ ਬਾਬ ਢਿਲੋਂ ਨੇ ਇਸ ਨੂੰ ਵੀ ਬਾਹਰ ਦਾ ਰਸਤਾ ਦਿਖਾ ਦੇਣਾ ਹੈ।