ਸਾਕਾ ਨਕੋਦਰ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਪੂਰੀ ਖਾਲਸਾਈ ਸ਼ਾਨ ਨਾਲ ਮਨਾਇਆ

0
148

img-20170319-wa0021
ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਮੂਹ ਸਿੱਖ ਜਥੇਬੰਦੀਆਂ
ਅਤੇ ਟਰਾਈਸਟੇਟ ਦੀਆਂ ਸਮੂਹ ਸੰਗਤ ਵੱਲੋਂ ਦੋ ਦਿਨ ਸੈਮੀਨਾਰ ਅਤੇ ਸ਼ਹੀਦੀ ਸਮਾਗਮ
ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੰਗਰ ਹਾਲ ‘ਚ ਸ਼ਰਧਾ ਤੇ ਸਤਿਕਾਰ ਨਾਲ ਲਗਾਈਆਂ
ਨਿਊਯਾਰਕ/ਬਿਊਰੋ ਨਿਊਜ਼:
ਨਕੋਦਰ ਸਾਕੇ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਟਰਾਈਸਟੇਟ ਦੀ ਸਮੂਹ ਸੰਗਤ ਵੱਲੋਂ ਪੂਰੀ ਖਾਲਸਾਈ ਸ਼ਾਨ ਨਾਲ ਮਨਾਇਆ ਗਿਆ ਅਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੰਗਰ ਹਾਲ ਵਿਚ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਲਗਾਈਆਂ ਗਈਆਂ।
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਵਿਖੇ ਦੋ ਵੱਖ ਵੱਖ ਸਮਾਗਮਾਂ ਦੌਰਾਨ ਮਨਾਈ ਗਈ, ਜਿੱਥੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ।
ਗੁਰਦੁਆਰਾ ਪ੍ਰਬੰਧਕ ਕਮੇਟੀ, ਦੁਆਬਾ ਸਿੱਖ ਅਸੋਸੀਏਸ਼ਨ, ਸਿੱਖਜ ਫਾਰ ਜਸਟਿਸ, ਪੰਥਕ ਸਿੱਖ ਸੁਸਾਇਟੀ, ਸਿੱਖ ਯੂਥ ਆਫ਼ ਅਮਰੀਕਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 31ਵੀਂ ਬਰਸੀ ਮੌਕੇ ”ਸ੍ਰੀ ਗੁਰੂ ਗਰੰਥ ਸਾਹਿਬ ਦੀ ਲਗਾਤਾਰ ਹੋ ਰਹੀ ਬੇਅਦਬੀ” ਵਿਸ਼ੇ ‘ਤੇ ਸੈਮੀਨਾਰ 18 ਮਾਰਚ  ਸ਼ਨੀਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਸਾਕਾ ਨਕੋਦਰ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਸਿੱਖ ਪ੍ਰਤੀਕਰਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤੀ ਗਈ।
ਡਾ. ਹਰਿੰਦਰ ਸਿੰਘ ਨੇ ਸ਼ਹੀਦ ਸਿੰਘਾਂ ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਬਲਧੀਰ ਸਿੰਘ ਜੀ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ ‘ਤੇ ਇਨ੍ਹਾਂ ਸਿੰਘਾਂ ਦੇ ਅਤੇ ਸਿੰਘਾਂ ਦੇ ਪਿਤਾ ਜੀ ਦੇ ਨਾਮ ਦਰਜ ਹਨ ਅਤੇ ਉਨ੍ਹਾਂ ਦੇ ਪਤੇ ਵੀ ਦਰਜ ਹਨ। ਕੌਮਾਂਤਰੀ ਮਨੁੱਖੀ ਅਧਿਕਾਰ ਸਭਾ ਦੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿਚ ਮੌਕੇ ਦੇ ਐਸ ਡੀ ਐਮ ਨੇ ਮੰਨਿਆ ਹੈ ਕਿ 3 ਸ਼ਹੀਦ ਸਿੰਘਾਂ ਦੀ ਪਹਿਚਾਣ 4 ਫਰਵਰੀ ਦੀ ਸ਼ਾਮ ਨੂੰ ਹੋ ਗਈ ਸੀ। ਇਸ ਰਿਪੋਰਟ ਵਿਚ ਇਹ ਵੀ ਲਿਖਿਆ ਹੈ ਕਿ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਫੜ ਕੇ ਕਤਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਉਸ ਮੌਕੇ ਇਨ੍ਹਾਂ ਸਿੰਘਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ।
ਇਹ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕਰਕੇ ਡਾ. ਹਰਿੰਦਰ ਸਿੰਘ ਵੱਲੋਂ ਇਹ ਸਾਬਤ ਕੀਤਾ ਕਿ ਪੁਲਿਸ ਨੇ ਇਨ੍ਹਾਂ ਸਿੰਘਾਂ ਦੀ ਪਛਾਣ ਨਾ ਹੋਣ ਬਾਰੇ ਝੂਠ ਬੋਲਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਜੀ ਉਸ ਸਮੇਂ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਪੁੱਤਰ ਦੀ ਪਹਿਚਾਣ ਕਰਕੇ ਪੁਲਿਸ ਤੋਂ ਆਪਣੇ ਪੁੱਤਰ ਦਾ ਮ੍ਰਿਤਕ ਸਰੀਰ ਲੈਣ ਲਈ ਮੰਗ ਕੀਤੀ ਸੀ, ਜੋ ਇਹ ਸਾਬਿਤ ਕਰਦਾ ਹੈ ਕਿ ਪੁਲਿਸ ਵੱਲੋਂ ਇਨ੍ਹਾਂ ਸਿੰਘਾਂ ਨੂੰ ਜਾਣ ਬੁੱਝ ਕੇ ਲਾਵਾਰਿਸ ਕਰਾਰ ਦਿੱਤਾ ਗਿਆ। ਡਾ. ਹਰਿੰਦਰ ਸਿੰਘ ਵੱਲੋਂ ਪੇਸ਼ ਕੀਤੀਆਂ ਚਾਰੇ ਪੋਸਟ ਮਾਰਟਮ ਰਿਪੋਰਟਾਂ ਵਿਚ ਲਿਖਿਆ ਹੈ ਕਿ ਪੁਲਿਸ ਵੱਲੋਂ ਤਿੰਨ ਸਿੰਘਾਂ ਦੀਆਂ ਛਾਤੀਆਂ ਵਿਚ ਗੋਲੀਆਂ ਮਾਰੀਆਂ ਸਨ ਅਤੇ ਇਕ ਸਿੰਘ ਦੇ ਮੂੰਹ ਵਿਚ ਗੋਲੀਆਂ ਮਾਰੀਆਂ ਸਨ।
ਇਸ ਸੈਮੀਨਾਰ ਦੇ ਦੂਸਰੇ ਬੁਲਾਰੇ ਡਾ. ਅਮਰਜੀਤ ਸਿੰਘ ਵੱਲੋਂ 1986 ਦੇ ਇਸ ਸਾਕੇ ਤੋਂ ਲੈ ਕੇ ਹੁਣ ਤੱਕ ਹੋਈਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਾਕਾ ਨਕੋਦਰ ਦੀ ਸਿੱਖ ਇਤਿਹਾਸ ਵਿਚ ਮਹੱਤਤਾ ਬਾਰੇ ਵੀ ਬਹੁਤ ਹੀ ਸਾਰਥਿਕ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦਾ ਟੀ ਵੀ 84 ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।
19 ਮਾਰਚ ਐਤਵਾਰ ਦਾ ਦੀਵਾਨ ਵੀ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸ਼ਹੀਦੀ ਕਾਨਫਰੰਸ ਕਰਕੇ ਸਮਰਪਿਤ ਕੀਤਾ ਗਿਆ। ਜਿੱਥੇ ਸੰਗਤਾਂ ਦੇ ਵੱਡੇ ਇਕੱਠ ਵਿਚ ਡਾ. ਹਰਿੰਦਰ ਸਿੰਘ ਨੇ ਸ਼ਹੀਦਾਂ ਦੇ ਜੀਵਨ, ਪਰਿਵਾਰਾਂ ਦੇ ਸੰਘਰਸ਼ ਅਤੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਇਆ। ਗਿਆਨੀ ਭੁਪਿੰਦਰ ਸਿੰਘ ਨੇ ਬਹੁਤ ਹੀ ਸੰਖੇਪ ਵਿਚ ਸਾਕਾ ਨਕੋਦਰ ਬਾਰੇ, ਭਾਈ ਬਲਧੀਰ ਸਿੰਘ ਜੀ ਬਾਰੇ ਤੇ ਆਪਣੇ ਪਰਿਵਾਰ ਤੇ ਹੋਏ ਸੰਤਾਪ ਦੀ ਜਾਣਕਾਰੀ ਦਿੱਤੀ।
ਡਾ. ਅਮਰਜੀਤ ਸਿੰਘ ਨੇ ਸਾਕਾ ਨਕੋਦਰ ਤੋਂ ਲੈ ਕੇ ਹੁਣ ਤੱਕ ਹੋਈ ਸਿੱਖਾਂ ਦੀ ਖੱਜਲ ਖੁਆਰੀ ਨੂੰ ਆਪਣੀ ਤਕਰੀਰ ਵਿਚ ਪੇਸ਼ ਕੀਤਾ। ਨਿਊਜਰਸੀ ਤੋਂ ਭਾਈ ਜੋਗਾ ਸਿੰਘ ਨੇ ਬਹੁਤ ਹੀ ਪ੍ਰਭਾਵੀ ਕਵਿਤਾ ਰਾਹੀਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕੁਲਵੰਤ ਸਿੰਘ ਪੰਡੋਰੀ ਢਾਡੀ ਜਥੇ ਨੇ ਢਾਡੀ ਵਾਰਾਂ ਗਾਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ।
ਇਸ ਸਮਾਗਮ ਵਿਚ ਸਾਕਾ ਨਕੋਦਰ ਦੇ ਪੰਜਾਂ ਪਿਆਰਿਆਂ ਵਿਚੋਂ ਬਚੇ ਇਕੋ ਇਕ ਪਿਆਰਾ ਪਰਵਿੰਦਰ ਸਿੰਘ ਸ਼ਰੀਹ ਵੀ ਹਾਜਰ ਸੀ। ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੰਗਰ ਹਾਲ ਵਿਚ ਲਗਾਉਣ ਦੇ ਨਾਲ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸੰਗਤ ਵੱਲੋਂ ਸ਼ਹੀਦ ਪਰਿਵਾਰਾਂ ਨਾਲ ਬੇਹੱਦ ਅਪਣੱਤ ਦਾ ਇਜ਼ਹਾਰ ਕੀਤਾ ਗਿਆ ਅਤੇ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਰਿਵਾਰਾਂ ਦੇ ਹੌਂਸਲੇ ਦੀ ਦਾਦ ਦਿੱਤੀ ਗਈ।