ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਤਿਆਰ ਕਰਨ ਵਾਲੀਆਂ ਸਖਸ਼ੀਅਤਾਂ ਸਨਮਾਨਿਤ

0
155

news-raj-gogna-sikh-association
ਮੈਰੀਲੈਂਡ/ਰਾਜ ਗੋਗਨਾ :
ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਪ੍ਰਾਜੈਕਟ ਤਿਆਰ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗੁਰੂਘਰ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਵਲੋਂ ਰਛਪਾਲ ਸਿੰਘ ਢੀਂਡਸਾ ਚੇਅਰਮੈਨ ਯੂਨਾਇਟਡ ਸਿੱਖ ਮਿਸ਼ਨ ਕੈਲੀਫੋਰਨੀਆ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਰਿਵਰ ਸਾਈਡ ਕੈਲੀਫੋਰਨੀਆ, ਜਤਿੰਦਰਪਾਲ ਸਿੰਘ, ਗੁਰਚਰਨ ਸਿੰਘ ਅਤੇ ਸੁਰਿੰਦਰ ਸਿੰਘ ਇੰਜੀਨੀਅਰ ਨੂੰ ਦਿੱਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਸਾਰੇ ਮਹਿਮਾਨਾਂ ਦੀ ਜਾਣ ਪਹਿਚਾਣ ਸੰਗਤਾਂ ਨਾਲ ਕਰਵਾਈ ਅਤੇ ਕਰਤਾਰਪੁਰ ਕੋਰੀਡੋਰ ਦੇ ਪ੍ਰਾਜੈਕਟ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਯੁਨਾਈਟਡ ਸਿੱਖ ਮਿਸ਼ਨ ਸੰਨ 2004 ਤੋਂ ਕਰਤਾਰਪੁਰ ਲਾਂਘੇ ਸਬੰਧੀ ਕੰਮ ਕਰ ਰਿਹਾ ਹੈ, ਜਿਨ੍ਹਾਂ ਨੇ ਯੂਐੱਨ. ਅੰਬੈਸਡਰ ਜਾਨ ਮੈਕਡੋਨਲ ਦੀ ਸਰਪ੍ਰਸਤੀ ਹੇਠ ਇਹ ਪ੍ਰਾਜੈਕਟ ਤਿਆਰ ਕਰਵਾਇਆ ਹੈ। ਇਸ ਪ੍ਰਾਜੈਕਟ ਨੂੰ ਭਾਰਤ ਤੇ ਪਾਕਿਸਤਾਨ ਦੇ ਹਰ ਨੁਮਾਇੰਦੇ ਦੇ ਹੱਥਾਂ ਵਿੱਚ ਪਹੁੰਚਾਉਣ ਦਾ ਕੰਮ ਵੀ ਰਛਪਾਲ ਸਿੰਘ ਢੀਂਡਸਾ ਤੇ ਉਨ੍ਹਾਂ ਦੀ ਟੀਮ ਨੇ ਕੀਤਾ ਹੈ । ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਸੰਗਤਾਂ ਦਾ ਪ੍ਰਾਜੈਕਟ ਹੈ ਅਤੇ ਇਸ ਨੂੰ ਸੰਗਤਾਂ ਨੇ ਹੀ ਨੇਪਰੇ ਚਾੜ੍ਹਨਾ ਹੈ। ਉਨ੍ਹਾਂ ਕਿਹਾ ਸਾਨੂੰ ਆਪਣੀ ਪਹਿਚਾਣ ਅਤੇ ਲਿਆਕਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਰਾਜ ਭਾਗ ਸੰਭਾਲਣ ਦੇ ਕਾਬਲ ਬਣ ਸਕਦੇ ਹਾਂ। ਉਨ੍ਹਾਂ ਰੋਜ਼ ਡੇ ਪਰੇਡ ਵਿੱਚ ਸਿੱਖ ਫਲੋਟ ਸ਼ਾਮਲ ਕਰਨ ਦੇ ਉਪਰਾਲੇ ਨੂੰ ਵੀ ਸਾਂਝਿਆ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਰੋਜ਼ ਡੇ ਪਰੇਡ ਵਿੱਚ ਗੁਰੂ ਨਾਨਕ ਦੇਵ ਜੀ ਦੀ ਰਬਾਬ ਫਲੋਟ ਉਤੇ ਗੂੰਜੇਗੀ।
ਇਸ ਮੌਕੇ ਸੁਰਿੰਦਰ ਸਿੰਘ ਇੰਜੀਨੀਅਰ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਡਾਕੂਮੈਂਟਰੀ ਦਿਖਾਈ ਗਈ। ਇਸ ਸਮਾਗਮ ਸਮੇਂ ਤਲਵਾੜੇ ਵਾਲੀਆਂ ਬੀਬੀਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਕਾਰਵਾਈ ਹਰਭਜਨ ਸਿੰਘ ਵਲੋਂ ਬਾਖੂਬ ਨਿਭਾਈ ਗਈ। ਸੰਗਤਾਂ ਦੇ ਭਾਰੀ ਇਕੱਠ ਵਲੋਂ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਦੀ ਹਮਾਇਤ ਕੀਤੀ ਗਈ ।