ਪੰਜਾਬੀ ਯੂਨੀਵਰਸਿਟੀ ਅਲੱਮਨੀ ਐਸੋਸ਼ੋਈਸ਼ਨ ਨੂੰ ਹੋਰ ਸਰਗਰਮ ਕਰਨ ਲਈ ਕੋਆਰਡੀਨੇਸ਼ਨ ਕਮੇਟੀ ਬਣਾਈ

0
1063

punjabi-university-alumnus-association-california-chapter-jasjit

ਮੀਟਿੰਗ ‘ਚ ਸ਼ਾਮਲ ਖੱਬਿਓਂ ਸੱਜੇ- ਜਸਜੀਤ ਸਿੰਘ, ਬੀਬੀ ਜਸਵਿੰਦਰ ਕੌਰ ਤੇ ਉਨ੍ਹਾਂ ਦੇ ਪਤੀ,  ਗੁਰੀ ਕੰਗ,  ਪ੍ਰੋ. ਬਲਵਿੰਦਰਪਾਲ ਸਿੰਘ ਲਾਲੀ ਧਨੋਆ, ਡੀਨ ਡਾ. ਗੁਰਨਾਮ ਸਿੰਘ ਡੀਨ, ਡਾ.ਦਲਜੀਤ ਸਿੰਘ ਸਾਬਕਾ  ਉਪ ਕੁਲਪਤੀ, ਕੁਲਦੀਪ ਸਿੰਘ ਢੀਂਡਸਾ, ਜਸਵੀਰ ਸਿੰਘ ਗੋਰਖਾ।

ਸੈਨਹੋਜ਼ੇ/ਬਿਊਰੋ ਨਿਊਜ਼:
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਰਾਣੇ ਵਿਦਿਆਰਥੀਆਂ ਨੇ ਅਪਣੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਅਲੱਮਨੀ ਐਸੋਸ਼ੋਈਸ਼ਨ ਦੇ ਅਮਰੀਕਾ ਚੈਪਟਰ ਨੂੰ ਮੁੜ ਸਰਗਰਮ ਕਰਨ ਦਾ ਅਹਿਦ ਕੀਤਾ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਅ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਦਲਜੀਤ ਸਿੰਘ ਦੀ ਰਹਿਨੁਮਾਈ ਹੇਠ ਮੌਜੂਦਾ ਡੀਨ ਅਤੇ ਗੁਰਮਤ ਸੰਗੀਤ ਵਿਭਾਗ ਦੇ ਉੱਘੇ ਪ੍ਰੋਫੈਸਰ ਡਾ. ਗੁਰਨਾਮ ਸਿੰਘ ਦੀ ਹਾਜ਼ਰੀ ਵਿੱਚ ਬੀਤੇ ਦਿਨੀਂ ਮਿਲਪੀਟਸ ਵਿਖੇ ਹੋਈ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ ਅਲੱਮਨੀ ਐਸੋਸ਼ੀਏਸ਼ਨ ਨੂੰ ਹੋਰ ਮਜਬੂਤ ਕਰਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ।
ਮੀਟਿੰਗ ‘ਚ ਪੰਜਾਬੀ ਯੂਨੀਵਰਸਿਟੀ ਅਲੱਮਨੀ ਐਸੋਸ਼ੋਈਸ਼ਨ ਦੇ ਈਸਟ ਕੋਸਟ ਅਤੇ ਵੈਸਟ ਕੋਸਟ ਯੂਨਿਟਾਂ ਵਲੋਂ ਕੀਤੇ ਕੰਮ ਦੀ ਸ਼ਲਾਘਾ ਕਰਦਿਆਂ ਜਥੇਬੰਦੀ ਦੀਆਂ ਸਰਗਰਮੀਆਂ ਵਿੱਚ ਆਈ ਖੜੋਤ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਇਸਦਾ ਪੁਨਰਗਠਨ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸ ਮੰਤਵ ਲਈ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਜਿਸ ਵਿੱਚ ਡਾ. ਦਲਜੀਤ ਸਿੰਘ ਸਾਬਕਾ  ਉਪ ਕੁਲਪਤੀ, ਡਾ. ਗੁਰਨਾਮ ਸਿੰਘ ਡੀਨ,  ਅੰਮ੍ਰਿਤ ਸੱਚਦੇਵਾ, ਗੁਰੀ ਕੰਗ, ਬੀਬੀ ਜਸਵਿੰਦਰ ਕੌਰ, ਕੁਲਦੀਪ ਸਿੰਘ ਢੀਂਡਸਾ, ਜਸਜੀਤ ਸਿੰਘ ਅਤੇ ਪ੍ਰੋ. ਬਲਵਿੰਦਰਪਾਲ ਸਿੰਘ ਲਾਲੀ ਧਨੋਆ ਸ਼ਾਮਲ ਕੀਤੇ ਗਏ ਹਨ।
ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪੰਜਾਬੀ ਯੂਨੀਵਰਸਿਟੀ ਅਲੱਮਨੀ ਐਸੋਸ਼ੋਈਸ਼ਨ ਦੀ ਅਗਲੀ ਮੀਟਿੰਗ 3 ਮਹੀਨਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ। ਅਲੱਮਨੀ ਐਸੋਸ਼ੋਈਸ਼ਨ ਨੂੰ ਆਪਸੀ ਮੇਲ ਮਿਲਾਪ ਦਾ ਪਲੇਟਫਾਰਮ ਬਣਾਉਣ ਤੋਂ ਇਲਾਵਾ ਜਥੇਬੰਦੀ ਨੂੰ ਮਜਬੂਤ ਕਰਨ ਵਾਸਤੇ ਪੰਜਾਬੀ ਸਭਿਆਚਾਰ, ਕਲਾ, ਸੰਗੀਤ, ਰੰਗਮੰਚ ਅਤੇ ਸਬੰਧਿਤ ਕਲਾ ਕਿਰਤਾਂ ਦੀ ਪੇਸ਼ਕਾਰੀ ਤੋਂੇ ਇਲਾਵਾ ਪੰਜਾਬੀ ਭਾਸ਼ਾ ਤੇ ਇਤਿਹਾਸ ਸਬੰਧੀ ਵਰਕਸ਼ਾਪਾਂ ਤੇ ਸੈਮੀਨਾਰ ਸੈਮੀਨਾਰ ਕਰਵਾਉਣ ਉੱਤੇ ਉਚੇਚਾ ਧਿਆਨ ਦਿੱਤਾ ਜਾਵੇਗਾ।
ਇਸਦੇ ਨਾਲ ਹੀ ਪੰਜਾਬੀਅਤ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਸਭਿਆਚਾਰਕ ਤੰਦਾਂ ਗੂੜ੍ਹੀਆਂ ਕਰਨ ਦੇ ਮੱਦੇਨਜ਼ਰ ਪੰਜਾਬ ਤੇ ਅਮਰੀਕਾ ਵਿਚਲੇ ਨੌਜਵਾਨ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਅਧੀਨ ਸਭਿਆਚਾਰਕ ਤੇ ਵਿਦਿਅਕ ਟੂਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ।