ਮੋਡੈਸਟੋ ਵਿਚ ਸਹੀ ਆਈ.ਡੀ. ਮੰਗਣ ‘ਤੇ ਗੋਰੇ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

0
524

punjabi-nojwan-di-hatya
ਮੋਡੈਸਟੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮੋਡੈਸਟੋ ਵਿੱਚ ਇੱਕ ਗੋਰੇ ਨੇ ਸਟੋਰ ‘ਤੇ ਕੰਮ ਕਰਦੇ ਪੰਜਾਬੀ ਨੌਜਵਾਨ ਜਗਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਬੱਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਨੌਜਵਾਨ ਪਿੰਡ ਹਬੀਬਵਾਲ ਨਾਲ ਸਬੰਧਤ ਸੀ।
ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਮੋਡੈਸਟੋ ਵਿੱਚ ਇੱਕ ਸਟੋਰ ‘ਤੇ ਕੰਮ ਕਰਦਾ ਸੀ। ਦੇਰ ਰਾਤ ਇੱਕ ਅਮਰੀਕੀ ਨੌਜਵਾਨ ਸਟੋਰ ‘ਤੇ ਆਇਆ ਤੇ ਸਿਗਰਟਾਂ ਦੀ ਮੰਗ ਕਰਨ ਲੱਗਿਆ। ਗੋਰੇ ਵੱਲੋਂ ਦਿੱਤੀ ਆਈ.ਡੀ. ਸਹੀ ਨਾ ਹੋਣ ‘ਤੇ ਜਗਜੀਤ ਨੇ ਸਹੀ ਆਈ.ਡੀ. ਮੰਗੀ। ਇਸ ਕਾਰਨ ਗੋਰਾ ਤੈਸ਼ ਵਿੱਚ ਆ ਗਿਆ ਤੇ ਦੋਹਾਂ ਵਿੱਚ ਤਕਰਾਰ ਹੋ ਗਈ। ਰਾਤ ਕਰੀਬ 11.50 ਵਜੇ ਜਗਜੀਤ ਜਦੋਂ ਸਟੋਰ ਦੇ ਸ਼ਟਰ ਬੰਦ ਕਰ ਰਿਹਾ ਸੀ ਤਾਂ ਉਸ ਗੋਰੇ ਨੇ ਚਾਕੂ ਨਾਲ ਜਗਜੀਤ ‘ਤੇ ਹਮਲਾ ਕਰ ਦਿੱਤਾ। ਸਟੋਰ ਵਿੱਚ ਕੰਮ ਕਰਦੇ ਸਿਕੰਦਰ ਸਿੰਘ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤੇ ਜਗਜੀਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਕੰਵਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਜਗਜੀਤ ਸਿੰਘ ਕਰੀਬ ਡੇਢ ਸਾਲ ਪਹਿਲਾਂ ਹੀ ਇੱਥੇ ਆਇਆ ਸੀ। ਉਸ ਦੇ ਪਰਿਵਾਰ ਵਿੱਚ ਪਿਤਾ ਤੋਂ ਇਲਾਵਾ ਪਤਨੀ ਕੁਲਜੀਤ ਕੌਰ, ਲੜਕਾ ਇਸ਼ਮੀਤ ਸਿੰਘ (9) ਅਤੇ ਦਿਲਪ੍ਰੀਤ ਸਿੰਘ (7) ਰਹਿ ਗਏ ਹਨ। ਉਸ ਦਾ ਵੱਡਾ ਭਰਾ ਹਰਜੀਤ ਸਿੰਘ ਫਰਾਂਸ ਵਿੱਚ ਹੈ।