ਯੂ.ਐੱਨ. ਵੱਲੋਂ ਖ਼ਾਲਸਾ ਦੇ ਸਥਾਪਨਾ ਦਿਵਸ, ਵਿਸਾਖੀ ਦੀਆਂ ਵਧਾਈਆਂ

0
448

img-20170411-wa0032
ਏਜੀਪੀਸੀ ਅਤੇ ਫ਼ਰੈਂਡਸ ਆਫ਼ ਕਾਕਸ ਵੱਲੋਂ ਸਵਾਗਤ
ਨਿਊਯਾਰਕ/ਬਿਊਰੋ ਨਿਊਜ਼:
ਦੁਨੀਆ ਦੀ ਸਰਵਉੱਚ ਬਾਡੀ ਯੂਨਾਈਟਿਡ ਨੇਸ਼ਨਜ਼ (ਯੂ. ਐੱਨ.) ਵੱਲੋਂ ਸਿੱਖਾਂ ਦੇ ਤਿਉਹਾਰ ਵਿਸਾਖੀ ਜੋ ਕਿ ਖ਼ਾਲਸਾ ਪੰਥ ਦੀ ਸਥਾਪਨਾ ਦੀਆਂ ਵਧਾਈਆਂ ਦਿੱਤੀਆਂ ਗਈਆਂ, ਤੇ ਭੇਜੇ ਜਨਤਕ ਸੰਦੇਸ਼ ਦਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਵਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਯੂ. ਐੱਸ. ਕਾਂਗਰਸ ਅਤੇ ਹੁਣ ਯੂ. ਐੱਨ. ਵੱਲੋਂ ਵਿਸਾਖੀ ‘ਤੇ ਸੰਦੇਸ਼ ਜਾਰੀ ਕਰਨਾ ਪੂਰੀ ਦੁਨੀਆ ਦੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ।
ਮਿਸਟਰ ਐਡਾਮਾ ਡੀਇੰਗ, ਅੰਡਰ ਸੈਕਟਰੀ-ਜਰਨਲ ਐਂਡ ਸਪੈਸ਼ਲ ਐਡਵਾਈਜ਼ਰ ਵੱਲੋਂ ਯੂ. ਐੱਨ. ਦੁਆਰਾ ਇਕ ਸੰਦੇਸ਼ ਜਾਰੀ ਕੀਤਾ ਗਿਆ, ਜਿਸ ‘ਚ ਉਪਰੰਤ ਸਮੂਹ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਵਿਸਾਖੀ ਸੰਨ 1699 ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਵੱਖਰੀ ਪਛਾਣ ਦਿੰਦਿਆਂ ਖ਼ਾਲਸਾ ਪੰਥ ਦੀ ਸਥਾਪਨਾ ਦੇ ਦਿਨ ਨੂੰ ਯਾਦ ਕਰਕੇ ਹਰ ਸਾਲ ਅਪ੍ਰੈਲ ਦੇ ਮਹੀਨੇ ‘ਚ ਮਨਾਏ ਜਾਣ ਵਾਲੇ ਤਿਉਹਾਰ ਦੀ ਪ੍ਰਸੰਸਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮਹੱਤਵਪੂਰਨ ਤਿਉਹਾਰ ਹੈ, ਜੋ ਕਿ ਸਿੱਖ ਕੌਮ ਲਈ ਨਵੇਂ ਸਾਲ ਦੀ ਸ਼ੁਰੂਆਤ ਦੀ ਆਮਦ ਦਾ ਸੁਨੇਹਾ ਦਿੰਦਾ ਹੈ।
ਸੰਦੇਸ਼ ‘ਚ ਕਿਹਾ ਗਿਆ ਹੈ ਕਿ ਇਸ ਦਿਨ ਪੂਰੇ ਵਿਸ਼ਵ ਸਿੱਖ ਆਪਣੇ ਧਾਰਮਿਕ ਅਸਥਾਨਾਂ ‘ਤੇ ਪਹੁੰਚ ਕੇ ਪਰਿਵਾਰਾਂ ਅਤੇ ਸੁਨੇਹਿਆ ਨਾਲ ਇਹ ਤਿਉਹਾਰ ਮਨਾਉਂਦੇ ਹਨ ਅਤੇ ਜਲੂਸ ਕੱਢਦੇ ਹਨ। ਇੱਥੇ ਇਹ ਵੀ ਕਿਹਾ ਗਿਆ ਕਿ ਸਿੱਖਾਂ ਦੀ ਪੂਰੇ ਵਿਸ਼ਵ ਨੂੰ ਆਪਸੀ ਭਾਈਚਾਰਾ ਸਥਾਪਿਤ ਕਰਨ ਲਈ ਪ੍ਰਾਥਨਾਵਾਂ ਕੀਤੀਆਂ ਜਾਂਦੀਆਂ ਹਨ, ਜੋ ਕਿ ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ.  ਪ੍ਰਿਤਪਾਲ ਸਿੰਘ ਨੇ ਮਿਸਟਰ ਡੀਇੰਗ ਅਤੇ ਸਮੂਹ ਯੂ. ਐੱਨ. ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਿਸਾਖੀ ਸਬੰਧੀ ਪਾਸ ਕੀਤੇ ਗਏ ਸੰਦੇਸ਼ ‘ਚ ਸਿੱਖਾਂ ਦੇ ਅਮਰੀਕਾ ਦੀ ਖੁਸ਼ਹਾਲੀ ਤੇ ਤਰੱਕੀ ‘ਚ ਭੂਮਿਕਾ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਅਮਰੀਕਨ ਸਮਾਜ ਦਾ ਸਿੱਖਾਂ ਪ੍ਰਤੀ ਦਰਸਾਏ ਮੋਹ ‘ਤੇ ਉਹ ਖੁਸ਼ ਹਨ।
ਉਨ੍ਹਾਂ ਕਿਹਾ ਕਿ ਯੂ. ਐੱਨ. ਦੁਆਰਾ ਦਿੱਤੀਆਂ ਵਧਾਈਆਂ ਦੇ ਸੰਦੇਸ਼ ਪਾਸ ਕਰਕੇ ਇਸ ਸਰਵਉੱਚ ਸੰਸਥਾ ਨੇ ਸਿੱਖਾਂ ਪ੍ਰਤੀ ਅਪਣਾਪਨ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਊਥ ਏਸ਼ੀਆ ‘ਚ ਪੰਜਾਬ ‘ਚ ਇਹ ਤਿਉਹਾਰ ਫ਼ਸਲ ਦੇ ਪੱਕਣ ਦੀ ਖੁਸ਼ੀ ‘ਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਮੌਕੇ ਫ਼ਰੈਂਡਸ ਆਫ਼ ਸਿੱਖ ਕਾਕਸ ਵੱਲੋਂ ਸ. ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਉਪਰਾਲੇ ਨਾਲ ਸਮੂਹ ਸਿੱਖਾਂ ਦੀ ਪਛਾਣ ਸਬੰਧੀ ਵਿਦੇਸ਼ਾਂ ‘ਚ ਲੋਕ ਜਾਗ੍ਰਿਤ ਹੋਣਗੇ ਅਤੇ ਇਸ ਨਾਲ ਸਿੱਖਾਂ ਨੂੰ ਆਪਣੀ ਪਛਾਣ ਲਈ ਨਸਲਕੁਸ਼ੀ ਹਿੰਸਾ ਵਰਗੀਆਂ ਘਿਨੌਣੀਆਂ ਤੇ ਮੰਦਭਾਗੀਆਂ ਘਟਨਾਵਾਂ ਤੋਂ ਰਾਹਤ ਪੁੱਜੇਗੀ। ਉਨ੍ਹਾਂ ਕਿਹਾ ਕਿ ਵਿਸਾਖੀ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਚੁਫ਼ੇਰਿਓ ਉਚਿੱਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਅਮਰੀਕੀ ਪ੍ਰਸ਼ਾਸਨ ਦੇ ਉਕਤ ਲੀਡਰਾਂ ਦੇ ਸਹਿਯੋਗ ਦੀ ਸ਼ਲਾਘਾ ਕਰਦੇ ਹਨ।
ਇਸ ਮੌਕੇ ‘ਤੇ ਡਾ. ਇਕਤਿਦਾਰ ਚੀਮਾ, ਜਿਹੜੇ ਕਿ ਯੂਨਾਈਟਿੰਡ ਨੇਸ਼ਨਜ਼ ਦੇ ਐਡਵਾਈਜ਼ਰੀ ਬੋਰਡ ਦੇ ਮੈਂਬਰ ਹਨ, ਨੇ ਯੂ. ਐੱਨ. ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਸਿੱਖ ਕੌਮ ਨੂੰ ਵਿਸਾਖੀ ਦੇ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ।