ਜੌਰਜੀਆ ‘ਚ ਕਤਲ ਕੀਤੇ ਪਰਮਜੀਤ ਸਿੰਘ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਪਿੰਡ ‘ਚ ਸੋਗ

0
277

parmjit-singh-with-family-pipal-mangouli
ਪਰਮਜੀਤ ਸਿੰਘ (ਖੱਬਿਓਂ ਤੋਂ ਪਹਿਲਾ) ਦੀ ਆਪਣੇ ਪਰਿਵਾਰ ਨਾਲ ਤਸਵੀਰ।
ਨਿਊਯਾਰਕ/ਬਿਊਰੋ ਨਿਊਜ਼:
ਅਮਰੀਕਾ ਦੇ ਸ਼ਹਿਰ ਜੌਰਜੀਆ ਹੋਮ ਵਿੱਚ ਪਿੰਡ ਪਿੱਪਲ ਮੰਗੋਲੀ ਦੇ ਜੰਮਪਲ ਤੇ ਪਰਵਾਸੀ ਭਾਰਤੀ ਪਰਮਜੀਤ ਸਿੰਘ (44 ਸਾਲ) ਦੀ ਅਣਪਛਾਤੇ ਹਮਲਾਵਰ ਵੱਲੋਂ ਚਲਾਈ ਗੋਲੀ ਵਿਚ ਹੋਈ ਮੌਤ ਬਾਅਦ ਪੰਜਾਬ ਦੇ ਪਟਿਆਲਾ ਜਿਲ੍ਹੇ ਵਿਚਲੇ ਉਸਦੇ ਪਿੰਡ ‘ਚ ਭਾਰੀ ਸੋਗ ਛਾ ਗਿਆ।
ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਵੰਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਜੀਜਾ ਗੁਰਮੀਤ ਸਿੰਘ ਅਤੇ ਤਾਇਆ ਦਰਸ਼ਨ ਸਿੰਘ ਸਮੇਤ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ ਬੀਤੇ ਮੰਗਲਵਾਰ ਜਦੋਂ ਆਪਣੇ ਕੱਪੜੇ ਦੇ ਸਟੋਰ ‘ਤੇ ਕੰਮ ਕਰ ਰਿਹਾ ਸੀ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਪਰਮਜੀਤ ਸਿੰਘ ‘ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਪਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਗਿਆ ਅਤੇ ਅੱਗੇ ਜਾ ਕੇ ਗੁਜਰਾਤੀ ਦੇ ਸਟੋਰ ‘ਤੇ ਵੀ ਗੋਲੀ ਚਲਾ ਦਿੱਤੀ, ਜਿਸ ‘ਚ ਉੱਥੇ ਕਲਰਕ ਵਜੋਂ ਕੰਮ ਕਰਦਾ 30 ਸਾਲਾ ਪਾਰਥੀ ਪਟੇਲ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੇ ਦਿੱਤੀ ਹੈ।
ਪਰਮਜੀਤ ਸਿੰਘ ਅਮਰੀਕਾ ‘ਚ ਆਪਣੀ ਮਾਤਾ ਜਸਵੀਰ ਕੌਰ, ਪਤਨੀ ਸੋਨੀਆ ਅਤੇ ਦੋ ਬੇਟਿਆਂ ਨਾਲ ਰਹਿ ਰਿਹਾ ਸੀ। ਉਸ ਦੇ ਪਿਤਾ ਸਾਬਕਾ ਫੌਜੀ ਕਰਨੈਲ ਸਿੰਘ ਦੀ 20 ਕੁ ਸਾਲ ਪਹਿਲਾਂ ਹੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ।