ਓਹਾਇਓ ਯੂਨੀਵਰਸਿਟੀ ‘ਚ ਹਮਲਾਵਰ ਨੇ 10 ਵਿਦਿਆਰਥੀਆਂ ਨੂੰ ਜ਼ਖ਼ਮੀ ਕੀਤਾ

0
491

ohaio-university-hamla
ਹਮਲਾਵਰ ਦੀ ਪਛਾਣ ਅਬਦੁਲ ਰੱਜ਼ਾਕ ਅਲੀ ਅਰਤਾਨ ਵਜੋਂ ਹੋਈ
ਓਹਾਇਓ/ਬਿਊਰੋ ਨਿਊਜ਼ :
ਓਹਾਇਓ ਯੂਨੀਵਰਸਿਟੀ ਦੇ ਕੋਲੰਬਸ ਕੈਂਪਸ ਵਿਚ ਹਮਲਾਵਰ ਨੇ ਕਾਰ ਅਤੇ ਚਾਕੂ ਨਾਲ ਹਮਲਾ ਕਰਕੇ 10 ਵਿਦਿਆਰਥੀਆਂ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਕਾਰਵਾਈ ਕਰਦਿਆਂ ਪੁਲੀਸ ਨੇ ਹਮਲਾਵਰ ਨੂੰ ਮਾਰ ਦਿੱਤਾ। ਜ਼ਿਕਰਯੋਗ ਹੈ ਕਿ ਸੋਮਾਲੀਆ ਵਿਚ ਜਨਮੇ ਇਕ ਵਿਦਿਆਰਥੀ ਨੇ ਓਹਾਇਓ ਸਟੇਟ ਯੂਨੀਵਰਸਿਟੀ ਵਿਚ ਪਹਿਲਾਂ ਆਪਣੀ ਕਾਰ ਨਾਲ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲੀਸ ਅਧਿਕਾਰੀ ਦੀ ਕਾਰਵਾਈ ਵਿਚ ਉਹ ਮਾਰਿਆ ਗਿਆ। ਪੁਲੀਸ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਅੱਤਵਾਦੀ ਹਮਲਾ ਹੈ ਜਾਂ ਨਹੀਂ। ਇਸ ਹਮਲੇ ਵਿਚ 10 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
ਅਮਰੀਕਾ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਹਮਲਾਵਰ ਦੀ ਪਛਾਣ ਓਹਾਇਓ ਸਟੇਟ ਵਿਦਿਆਰਥੀ ਅਬਦੁਲ ਰੱਜ਼ਾਕ ਅਲੀ ਅਰਤਾਨ ਵਜੋਂ ਹੋਈ ਹੈ। ਉਸ ਦਾ ਜਨਮ ਸੋਮਾਲੀਆ ਵਿਚ ਹੋਇਆ ਸੀ ਤੇ ਉਹ ਅਮਰੀਕਾ ਦਾ ਕਾਨੂੰਨੀ ਸਥਾਈ ਨਿਵਾਸੀ ਸੀ।
ਜਾਂਚ ਵਿਚ ਐਫ.ਬੀ.ਆਈ. ਸ਼ਾਮਲ ਹੋ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਪਹਿਲਾਂ ਕੁਝ ਰਿਪੋਰਟਾਂ ਮਿਲੀਆਂ ਸਨ। ਯੂਨੀਵਰਸਿਟੀ ਨੇ ਟਵੀਟ ਕਰਕੇ ਚੌਕਸ ਕੀਤਾ ਸੀ ਕਿ ਇੰਜਨੀਅਰਿੰਗ ਇਮਾਰਤ ਨੇੜੇ ਕੰਪਲੈਕਸ ਵਿਚ ਇਕ ‘ਬੰਦੂਕਧਾਰੀ’ ਹੈ ਤੇ ਵਿਦਿਆਰਥੀਆਂ ਨੂੰ ‘ਭੱਜ ਜਾਣਾ ਚਾਹੀਦਾ ਹੈ, ਲੁਕ ਜਾਣਾ ਚਾਹੀਦਾ ਹੈ ਜਾਂ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਧਿਕਾਰੀਆਂ ਅਤੇ ਮੀਡੀਆ ਮੁਤਾਬਕ ਹਮਲਾ ਉਸ ਵੇਲੇ ਹੋਇਆ ਜਦੋਂ ਯੂਨੀਵਰਸਿਟੀ ਦੀ ਇੰਜਨੀਅਰਿੰਗ ਇਮਾਰਤ ਵਿਚ ਇਕ ਐਸ.ਯੂ.ਵੀ. ਗੱਡੀ ਆਈ। ਹਮਲਾਵਰ ਦੇ ਹੱਥ ਵਿਚ ਚਾਕੂ ਸੀ। ਉਸ ਦੇ ਵਾਹਨ ਅਤੇ ਚਾਕੂ ਨਾਲ ਹਮਲਾ ਕਰਕੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਕੋਲੰਬਸ ਫਾਇਰ ਬ੍ਰਿਗੇਡ ਸੂਤਰਾਂ ਮੁਤਾਬਕ ਇਕ ਦੀ ਹਾਲਤ ਗੰਭੀਰ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਯੂਨੀਵਰਸਿਟੀ ਦੇ ਵੈਕਸਨਰ ਮੈਡੀਕਲ ਸੈਂਟਰ ਵਿਚ ਪੰਜ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ ਜਦਕਿ ਦੋ ਲੋਕਾਂ ਨੂੰ ਗਰਾਂਟ ਮੈਡੀਕਲ ਸੈਂਟਰ ਅਤੇ ਦੋ ਜ਼ਖ਼ਮੀਆਂ ਨੂੰ ਰਿਵਰਸਾਈਡ ਮੈਡੀਕਲ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਓਹਾਇਓ ਸਟੇਟ ਯੂਨੀਵਰਸਿਟੀ ਤੇ ਸਥਾਨਕ ਏਜੰਸੀਆਂ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਵਿਦਿਆਰਥੀ ਐਂਥਨੀ ਫਲਜਾਰਾਨੋ ਨੇ ਦੱਸਿਆ ਕਿ ਉਹ ਇਕ ਕਲਾਸਰੂਮ ਵਿਚ ਸੀ ਜਦੋਂ ਉਨ੍ਹਾਂ ਨੇ ਸ਼ੂਟਿੰਗ ਦੀ ਆਵਾਜ਼ ਸੁਣੀ। ਕੁਝ ਹੀ ਮਿੰਟਾਂ ਬਾਅਦ ਸਾਈਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਸੇ ਵਕਤ ਸਾਰੇ ਵਿਦਿਆਰਥੀਆਂ ਕੋਲ ਐਮਰਜੈਂਸੀ ਅਲਰਟ ਮੈਸੇਜ ਆਇਆ। ਜ਼ਿਕਰਯੋਗ ਹੈ ਕਿ ਓਹਾਇਓ ਸਟੇਟ ਯੂਨੀਵਰਸਿਟੀ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ। ਇਸ ਦੇ ਮੁੱਖ ਕੈਂਪਸ ਵਿਚ 60,000 ਵਿਦਿਆਰਥੀ ਪੜ੍ਹਦੇ ਹਨ।