ਬੁੱਸ਼, ਓਬਾਮਾ ਤੇ ਹਿਲੇਰੀ ਨੇ ਟਰੰਪ ਦੀ ਵੰਡ ਪਾਊ ਸਿਆਸਤ ਤੇ ਵਿਦੇਸ਼ ਨੀਤੀ ਨੂੰ ਆੜੇ ਹੱਥੀਂ ਲਿਆ

0
338

donald-trump
ਨਿਊਯਾਰਕ/ਬਿਊਰੋ ਨਿਊਜ਼ :
ਜਾਰਜ ਡਬਲਯੂ ਬੁਸ਼ ਨੇ ਕੱਟੜਤਾ, ਗੋਰਿਆਂ ਦੀ ਸਰਬਉੱਚਤਾ ਅਤੇ ਫਰੇਬ ਦੀ ਤਿੱਖੀ ਨਿਖੇਧੀ ਕੀਤੀ। ਇਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰ ਦੀ ਸਿਆਸਤ ਦੀ ਸਪਸ਼ਟ ਆਲੋਚਨਾ ਵਜੋਂ ਦੇਖਿਆ ਜਾ ਰਿਹਾ ਹੈ।
ਨਿਊਯਾਰਕ ਵਿੱਚ ਭਾਸ਼ਣ ਦੌਰਾਨ ਦੋ ਵਾਰ ਰਾਸ਼ਟਰਪਤੀ ਰਹੇ ਬੁਸ਼ ਨੇ ਕੌਮੀ ਸੁਰ ਨੂੰ ਭੱਦਾ ਕਰਨ ਅਤੇ ਵੰਡ ਪਾਊ ਵਿਸ਼ਿਆਂ ਨੂੰ ਅਮਰੀਕੀ ਜਮਹੂਰੀਅਤ ਲਈ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ”ਕੱਟੜਤਾ ਨੂੰ ਹੱਲਾਸ਼ੇਰੀ ਮਿਲਦੀ ਜਾਪਦੀ ਹੈ। ਸਾਜ਼ਿਸ਼ ਵਾਲੇ ਸਿਧਾਂਤਾਂ ਤੇ ਜਾਲਸਾਜ਼ੀ ਅੱਗੇ ਸਾਡੀ ਸਿਆਸਤ ਕਮਜ਼ੋਰ ਸਾਬਤ ਹੁੰਦੀ ਦਿਸ ਰਹੀ ਹੈ।”
ਹਾਲਾਂਕਿ ਉਨ੍ਹਾਂ ਟਰੰਪ ਦਾ ਨਾਮ ਨਹੀਂ ਲਿਆ ਪਰ ਬੁਸ਼ ਦੀ ਟਿੱਪਣੀ ਨੂੰ ਮੌਜੂਦਾ ਪ੍ਰਸ਼ਾਸਨ ਅਤੇ ਉਸ ਵਿਵਾਦਤ ਸਿਆਸਤ ਦੀ ਨਿਖੇਧੀ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਨਵੰਬਰ ਵਿੱਚ ਲੱਖਾਂ ਵੋਟਰਾਂ ਨੂੰ ਟਰੰਪ ਦੇ ਹੱਕ ਵਿੱਚ ਭੁਗਤਣ ਲਈ ਉਕਸਾਇਆ ਗਿਆ।
ਵਰਜੀਨੀਆ ਵਿੱਚ ਨਵ ਨਾਜ਼ੀ ਰੈਲੀ ਦੇ ਹਿੰਸਕ ਹੋਣ ਦਾ ਦੋਸ਼ ਟਰੰਪ ਵੱਲੋਂ ਦੋਵਾਂ ਧਿਰਾਂ ਸਿਰ ਮੜ੍ਹਨ ਤੋਂ ਦੋ ਮਹੀਨਿਆਂ ਮਗਰੋਂ ਸਾਬਕਾ ਰਾਸ਼ਟਰਪਤੀ ਬੁਸ਼ ਨੇ ਕਿਹਾ ”ਕੱਟੜਤਾ ਜਾਂ ਗੋਰਿਆਂ ਦੀ ਸਰਬਉੱਚਤਾ ਦਾ ਕੋਈ ਵੀ ਰੂਪ ਅਮਰੀਕੀ ਮੱਤ ਖ਼ਿਲਾਫ਼ ਕੁਫ਼ਰ ਹੈ।” ਉਨ੍ਹਾਂ ਕਿਹਾ ਕਿ ਬਹਿਸ ਆਸਾਨੀ ਨਾਲ ਵੈਰ ਵਿਰੋਧ ਵਿੱਚ ਤਬਦੀਲ ਹੋ ਰਹੀ ਹੈ। ਅਸਹਿਮਤੀ, ਮਨੁੱਖਤਾ ਦੇ ਘਾਣ ਵਿੱਚ ਬਦਲ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਡੈਮੋਕਰੇਟ ਜਾਨਸ਼ੀਨ ਬਰਾਕ ਓਬਾਮਾ ਦੇ ਉਲਟ ਰਿਪਬਲਿਕਨ ਬੁਸ਼, ਟਰੰਪ ਜਾਂ ਅਮਰੀਕੀ ਸਿਆਸਤ ਦੀ ਹਾਲਤ ਬਾਰੇ ਇਸ ਸਾਲ ਜਨਤਕ ਤੌਰ ਉਤੇ ਬਹੁਤ ਘੱਟ ਬੋਲੇ ਹਨ।
ਟਰੰਪ ਵੱਲੋਂ ਅਮਰੀਕਾ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਘਟਾਉਣ ਅਤੇ ਪਰਵਾਸ ਉਤੇ ਲਗਾਮ ਕਸਣ ਦੀਆਂ ਕੋਸ਼ਿਸ਼ਾਂ ਮਗਰੋਂ 71 ਸਾਲਾ ਬੁਸ਼ ਨੇ ਕਿਹਾ ਕਿ ”ਅਸੀਂ ਰਾਸ਼ਟਰਵਾਦ ਨੂੰ ਮੂਲਵਾਦ ਦੇ ਰੂਪ ਵਿੱਚ ਵਟਦਿਆਂ ਦੇਖ ਰਹੇ ਹਾਂ ਅਤੇ ਉਸ ਗਤੀਸ਼ੀਲਤਾ ਨੂੰ ਭੁੱਲ ਗਏ ਹਾਂ, ਜੋ ਅਮਰੀਕਾ ਵਿੱਚ ਹਮੇਸ਼ਾ ਪਰਵਾਸ ਨਾਲ ਆਈ।”
ਓਬਾਮਾ ਵੱਲੋਂ ਵੀ ਆਲੋਚਨਾ :
ਰਿਚਮੰਡ: ਵ੍ਹਾਈਟ ਹਾਊਸ ਵਿਚਲੇ ਆਪਣੇ ਜਾਨਸ਼ੀਨ ਨਾਲ ਸਿੱਧੇ ਵਿਰੋਧ ਨੂੰ ਨਜ਼ਰਅੰਦਾਜ਼ ਕਰਨ ਅਤੇ ਸੁਰਖੀਆਂ ਵਿੱਚ ਨਾ ਰਹਿਣ ਤੋਂ ਕਈ ਮਹੀਨਿਆਂ ਮਗਰੋਂ ਬਰਾਕ ਓਬਾਮਾ ਪਹਿਲੀ ਦਫ਼ਾ ਪ੍ਰਚਾਰ ਮੁਹਿੰਮ ਵਿੱਚ ਕੁੱਦੇ ਅਤੇ ਉਨ੍ਹਾਂ ਵੰਡ ਪਾਊ ਸਿਆਸਤ ਦੀ ਨਿਖੇਧੀ ਕੀਤੀ। ਨਿਊਜਰਸੀ ਵਿੱਚ ਗਵਰਨਰ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਦੌਰਾਨ 56 ਸਾਲਾ ਸਾਬਕਾ ਰਾਸ਼ਟਰਪਤੀ ਨੇ 2016 ਦੀ ਪ੍ਰਚਾਰ ਮੁਹਿੰਮ ਦੀ ਤਲਖੀ ਅਤੇ ਡਰ ਨੂੰ ਨਿਸ਼ਾਨਾ ਬਣਾਇਆ। ਫਿੱਲ ਮਰਫ਼ੀ ਦੇ ਹੱਕ ਵਿੱਚ ਨੇਵਾਰਕ ਵਿੱਚ ਰੈਲੀ ਦੌਰਾਨ ਓਬਾਮਾ ਨੇ ਕਿਹਾ, ”ਅਸੀਂ 21ਵੀਂ ਸਦੀ ਵਿੱਚ 19ਵੀਂ ਸਦੀ ਵਾਲੀ ਵੰਡ ਪਾਊ ਸਿਆਸਤ ਲਿਆ ਰਹੇ, ਜਿਸ ਦੇ ਨੁਕਸਾਨ ਅਸੀਂ ਸਦੀਆਂ ਪਹਿਲਾਂ ਦੇਖ ਚੁੱਕੇ ਹਾਂ।”

ਉਤਰੀ ਕੋਰੀਆ ਨਾਲ ਛੇੜੀ ਲਫ਼ਜ਼ੀ ਜੰਗ ਲਈ ਹਿਲੇਰੀ ਵਲੋਂ ਟਰੰਪ ਦੀ ਨਿਖੇਧੀ
ਸਿਓਲ/ਬਿਊਰੋ ਨਿਊਜ਼ :
ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਮੁਲਕ ਦੇ ਸਦਰ ਡੋਨਾਲਡ ਟਰੰਪ ਵੱਲੋਂ ਉਤਰੀ ਕੋਰੀਆ ਨਾਲ ਛੇੜੀ ‘ਖ਼ਤਰਨਾਕ’ ਲਫ਼ਜ਼ੀ ਜੰਗ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਟਰੰਪ ਦੇ ਟਵਿੱਟਰ ਹਮਲੇ ਸਿਰਫ਼ ਉਤਰੀ ਕੋਰੀਆ ਦੇ ਪ੍ਰਚਾਰ ਦੇ ਭੁੱਖੇ ਹਾਕਮ ਦਾ ਹੀ ਫ਼ਾਇਦਾ ਕਰ ਰਹੇ ਹਨ ਤੇ ਇਸ ਨਾਲ ਵਾਸ਼ਿੰਗਟਨ ਦੀ ਸਾਖ਼ ਨੂੰ ਖ਼ੋਰਾ ਲੱਗਿਆ ਹੈ।
ਬੀਬੀ ਕਲਿੰਟਨ ਬੀਤੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਸ੍ਰੀ ਟਰੰਪ ਤੋਂ ਹਾਰ ਗਈ ਸੀ। ਇਥੇ ਦੱਖਣੀ ਕੋਰੀਆ ਵਿੱਚ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ, ”ਮੈਨੂੰ ਨਵੇਂ ਪ੍ਰਸ਼ਾਸਨ (ਟਰੰਪ ਪ੍ਰਸ਼ਾਸਨ) ਦੀਆਂ ਕੁਝ ਕਾਰਵਾਈਆਂ ਤੋਂ ਫ਼ਿਕਰ ਹੋ ਰਹੀ ਹੈ, ਜੋ ਤਣਾਅ ਪੈਦਾ ਕਰਨ ਵਾਲੀਆਂ ਹਨ। ਇਸ ਕਾਰਨ ਹੁਣ ਸਾਡੇ ਭਾਈਵਾਲ ਅਮਰੀਕਾ ਦੀ ਸਾਖ਼ ਤੇ ਭਰੋਸੇਯੋਗਤਾ ਉਤੇ ਸਵਾਲ ਖੜ੍ਹੇ ਕਰ ਰਹੇ ਹਨ।”

ਟਰੰਪ ਦੇ ਯਾਤਰਾ ਪਾਬੰਦੀਆਂ ਸਬੰਧੀ ਨਵੇਂ ਫ਼ੈਸਲੇ ‘ਤੇ ਰੋਕ
ਵਾਸ਼ਿੰਗਟਨ/ਬਿਊਰੋ ਨਿਊਜ਼ :
ਫੈਡਰਲ ਜੱਜ ਨੇ ਵ੍ਹਾਈਟ ਹਾਊਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਰਵਾਸ ਸਬੰਧੀ ਵਿਵਾਦਤ ਕਾਰਜਕਾਰੀ ਹੁਕਮ ਦਾ ਨਵਾਂ ਰੂਪ ਲਾਗੂ ਕਰਨ ਤੋਂ ਰੋਕ ਦਿੱਤਾ ਹੈ। ਇਹ ਫ਼ੈਸਲਾ ਅਮਰੀਕਾ ਦੇ ਡਿਸਟ੍ਰਿਕਟ ਜੱਜ ਡੈਰਿਕ ਵਾਟਸਨ ਨੇ ਹਵਾਈ ਵਿਚ ਦਿੱਤਾ। ਇਹ ਫ਼ੈਸਲਾ ਰਾਸ਼ਟਰਪਤੀ ਟਰੰਪ ਵੱਲੋਂ ਅਮਰੀਕਾ ਵਿੱਚ ਛੇ ਮੁਸਲਿਮ ਮੁਲਕਾਂ ਦੇ ਯਾਤਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਨਵਾਂ ਝਟਕਾ ਹੈ। ਜੱਜ ਵਾਟਸਨ ਨੇ ਕਿਹਾ ਕਿ ਯਾਤਰਾ ਪਾਬੰਦੀ ਦਾ ਇਹ ਤੀਜਾ ਰੂਪ ਕਾਨੂੰਨ ਮੁਤਾਬਕ ਸਹੀ ਨਹੀਂ ਹੈ, ਜਿਸ ਤਹਿਤ ਮੁੱਖ ਤੌਰ ‘ਤੇ ਛੇ ਮੁਸਲਿਮ ਮੁਲਕਾਂ ਤੇ ਉੱਤਰੀ ਕੋਰੀਆ ਤੇ ਵੈਨਜੁਏਲਾ ਦੇ ਕੁਝ ਅਧਿਕਾਰੀਆਂ ਦੇ ਅਮਰੀਕਾ ਵਿਚ ਦਾਖ਼ਲੇ ‘ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਆਪਣੇ ਫ਼ੈਸਲੇ ਵਿਚ ਲਿਖਿਆ, ”ਇਸ ਵਿੱਚ ਵੀ ਉਹੀ ਕਮੀਆਂ ਹਨ ਜੋ ਪਹਿਲਾਂ ਵਾਲੇ ਹੁਕਮ ਵਿਚ ਸਨ। ਇਸ ਵਿੱਚ ਇਨ੍ਹਾਂ ਤੱਥਾਂ ਦੀ ਵੀ ਘਾਟ ਹੈ ਕਿ ਛੇ ਵਿਸ਼ੇਸ਼ ਮੁਲਕਾਂ ਦੇ 150 ਮਿਲੀਅਨ ਲੋਕਾਂ ਦਾ ਦਾਖ਼ਲਾ ਅਮਰੀਕਾ ਦੇ ਹਿੱਤਾਂ ਲਈ ਖ਼ਤਰਾ ਕਿਵੇਂ ਹੋ ਸਕਦਾ ਹੈ।” ਇਸ ਫ਼ੈਸਲੇ ਦਾ ਅਰਥ ਇਹ ਹੈ ਕਿ ਟਰੰਪ ਪ੍ਰਸ਼ਾਸਨ ਹੁਣ ਮੁੜ ਸੁਪਰੀਮ ਕੋਰਟ ਤੋਂ ਪੁੱਛ ਸਕਦਾ ਹੈ ਕਿ ਕੀ ਉਸ ਦੇ ਪਰਵਾਸ ਸਬੰਧੀ ਹੁਕਮ ਕਾਨੂੰਨੀ ਹਨ? ਇਹ ਨਵੇਂ ਹੁਕਮ ਦਾ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ਜਿਸ ਨੇ ਛੇ ਮੁਸਲਿਮ ਵੱਧ ਗਿਣਤੀ ਵਾਲੇ ਛੇ ਮੁਲਕਾਂ- ਈਰਾਨ, ਲਿਬੀਆ, ਸੋਮਾਲੀਆ, ਸੂਡਾਨ, ਸੀਰੀਆ ਤੇ ਯਮਨ ਦੇ ਯਾਤਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਵਾਲੇ 90 ਦਿਨਾਂ ਵਾਲੇ ਫ਼ੈਸਲੇ ਦੀ ਥਾਂ ਲਈ ਸੀ।