ਨਿਊਯਾਰਕ ਦੇ ਮੈਟਰੋ ਸਟੇਸ਼ਨ ‘ਤੇ ਬੰਬ ਧਮਾਕਾ

0
235

ny-metro-station-bomb
4 ਵਿਅਕਤੀਅ ਜ਼ਖ਼ਮੀ, ਸ਼ੱਕ ‘ਚ ਇੱਕ ਬੰਗਲਾਦੇਸੀ ਕਾਬੂ
ਨਿਊਯਾਰਕ/ਬਿਊਰੋ ਨਿਊਜ਼:
ਨਿਊਯਾਰਕ ਦੇ ਮੈਟਰੋ ਸਟੇਸ਼ਨ ‘ਤੇ ਸੋਮਵਾਰ ਸਵੇਰੇ ਪਾਈਪ ਬੰਬ ਨਾਲ ਕੀਤੇ ਧਮਾਕੇ ‘ਚ 4 ਵਿਅਕਤੀ ਜ਼ਖ਼ਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਧਮਾਕੇ ਤੋਂ ਬਾਅਦ ਸ਼ਹਿਰ ਦੇ ਅਤਿ-ਵਿਅਸਤ ਇਲਾਕੇ ‘ਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਿਸ ਵਿਭਾਗ ਨੇ ਮੁਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕੇ ਤੋਂ ਬਾਅਦ ਮੈਟਰੋ ਸਟੇਸ਼ਨ ਦੀ ਏ., ਸੀ. ਤੇ ਈ. ਲਾਈਨ ਨੂੰ ਖਾਲੀ ਕਰਵਾਇਆ ਗਿਆ ਹੈ। ਧਮਾਕੇ ਦੇ ਸਬੰਧ ‘ਚ ਆਈ. ਐਸ. ਆਈ. ਐਸ. ਤੋਂ ਪ੍ਰਭਾਵਿਤ ਬੰਗਲਾਦੇਸ਼ ਮੂਲ ਦੇ ਇਕ ਵਿਅਕਤੀ ਅਕਾਇਦ ਉੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਨਿਊਯਾਰਕ ਪੋਸਟ ਨੇ ਦੱਸਿਆ ਕਿ 27 ਸਾਲਾ ਸ਼ੱਕੀ ਬੰਗਲਾਦੇਸ਼ੀ ਬੰਬਾਰ ਨਾਲ ਪਾਈਪ ਬੰਬ ਦੀ ਬੈਟਰੀ ਦੀਆਂ ਤਾਰਾਂ ਜੁੜੀਆਂ ਸਨ ਤੇ ਤਾਰਾਂ ਨੂੰ ਨਕਾਰਾ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲਿਆ ਗਿਆ। ਇਸ ਸਬੰਧੀ ਨਿਊਯਾਰਕ ਪੁਲਿਸ ਵਿਭਾਗ ਦੇ ਸਾਬਕਾ ਪੁਲਿਸ ਕਮਿਸ਼ਨਰ ਬਿਲ ਬਰੈਟਨ ਨੇ ਦੱਸਿਆ ਕਿ ਫੜ੍ਹਿਆ ਗਿਆ ਬੰਗਲਾਦੇਸ਼ੀ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਤੋਂ ਪ੍ਰਭਾਵਿਤ ਸੀ। ਨਿਊਯਾਰਕ ਦੇ ਮੇਅਰ ਬਿਲ ਡੀ ਬਲੇਸੀਓ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਨਿਊਯਾਰਕ ਸਬ-ਵੇ ‘ਤੇ ਕੀਤਾ ਗਿਆ ਧਮਾਕਾ ਅੱਤਵਾਦੀ ਹਮਲਾ ਸੀ। ਪੁਲਿਸ ਵਿਭਾਗ ਨੇ ਦੱਸਿਆ ਕਿ ਬੰਬ ਧਮਾਕੇ ‘ਚ 4 ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਦਕਿ ਫੜੇ ਗਏ ਸ਼ੱਕੀ ਦੇ ਵੀ ਕੁਝ ਜ਼ਖ਼ਮਾਂ ਦੇ ਨਿਸ਼ਾਨ ਹਨ। ਇਸ ਸਬੰਧੀ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾਹ ਸਾਂਡਰਸ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਧਮਾਕੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।