ਮਾਨ ਸਿੰਘ ਖ਼ਾਲਸਾ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਦੋਸ਼ ਆਇਦ

0
974

nsali-hamla-maan-singh-khalsa
ਨਿਊਯਾਰਕ/ਬਿਊਰੋ ਨਿਊਜ਼ :
ਪਿਛਲੇ ਦਿਨੀਂ 41 ਸਾਲਾ ਅਮਰੀਕੀ-ਸਿੱਖ ਉਤੇ ਹਮਲਾ ਕਰ ਕੇ ਉਸ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ। ਕੈਲੀਫੋਰਨੀਆ ਵਿੱਚ ਆਈਟੀ ਮਾਹਰ ਮਾਨ ਸਿੰਘ ਖਾਲਸਾ ਨੇ ਕਿਹਾ ਕਿ ਉਸ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਦੋਸ਼ ਆਇਦ ਹੋਣੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਹੋ ਰਹੀ ਹਿੰਸਾ ਵਿਰੁੱਧ ਪਹਿਲਾ ਕਦਮ ਹੈ। ਕੌਂਟਰਾ ਕੋਸਟਾ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਹਮਲਾਵਰਾਂ ਖ਼ਿਲਾਫ਼ ਨਫ਼ਰਤੀ ਅਪਰਾਧ ਤਹਿਤ ਦੋਸ਼ ਆਇਦ ਕੀਤੇ ਗਏ। ‘ਦਿ ਸਿੱਖ ਕੁਲੀਸ਼ਨ’ ਵੱਲੋਂ ਮਾਨ ਸਿੰਘ ਖਾਲਸਾ ਦੇ ਜਾਰੀ ਕੀਤੇ ਬਿਆਨ ਮੁਤਾਬਕ, ‘ਹਮਲਾਵਰਾਂ ਨੇ ਹਿੰਸਕ ਢੰਗ ਨਾਲ ਮੇਰੇ ਸਿੱਖ ਅਕੀਦੇ ਨੂੰ ਨਿਸ਼ਾਨਾ ਬਣਾਇਆ ਹੈ। ਮੈਂ ਰਿਚਮੰਡ ਪੁਲੀਸ ਵਿਭਾਗ ਅਤੇ ਕੌਂਟਰਾ ਕੋਸਟਾ ਕਾਊਂਟੀ ਜ਼ਿਲ੍ਹਾ ਅਟਾਰਨੀ ਮਾਰਕ ਪੀਟਰਸਨ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਯਕੀਨੀ ਬਣਾਇਆ ਕਿ ਹਮਲਾਵਰਾਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਦੋਸ਼ ਆਇਦ ਹੋਣ।’ ਦੱਸਣਯੋਗ ਹੈ ਕਿ 25 ਸਤੰਬਰ ਦੀ ਰਾਤ ਨੂੰ ਖਾਲਸਾ ਘਰ ਨੂੰ ਜਾ ਰਿਹਾ ਸੀ ਜਦੋਂ ਕਾਰ ਸਵਾਰ ਵਿਅਕਤੀਆਂ ਨੇ ਉਸ ਦੀ ਕਾਰ ਉਤੇ ਬੀਅਰ ਦੀ ਬੋਤਲ ਸੁੱਟੀ। ਜਦੋਂ ਖ਼ਾਲਸਾ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਖਾਲਸਾ ਉਥੋਂ ਚਲਾ ਗਿਆ ਪਰ ਹਮਲਾਵਰਾਂ ਨੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ।