ਨੌਰਵਾਕ ਸਿਟੀ ਦੇ ਮੇਅਰ ਨੇ ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਐਲਾਨਿਆ

0
42
norwalk-2 norwalk-1
ਨੌਰਵਾਕ/ਬਿਊਰੋ ਨਿਊਜ਼ :
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵੱਲੋਂ ਵਿਸਾਖੀ ਨੂੰ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਾਉਣ ਦੇ ਕੀਤੇ ਤਰੱਦਦ ਨੂੰ ਪੂਰੇ ਅਮਰੀਕਾ ਵਿਚ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਕਨੈਕਟੀਕਟ ਸੂਬੇ ਦੀ ਨੌਰਵਾਕ ਸਿਟੀ ਦੇ ਮੇਅਰ ਨੇ ਸਿਟੀ ਕੌਂਸਲ ਦੇ ਹਾਊਸ ਵਿਚ ਨਾਨਕਸ਼ਾਹੀ ਕਲੰਡਰ ਅਨੁਸਾਰ ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰ ਦਿੱਤਾ। ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਨ ਵੇਲੇ ਮੇਅਰ ਹੈਰੀ ਡਬਲਿਊ ਰਾਈਲਿੰਗ ਨੇ ਬਾਕਾਇਦਾ ‘ਐਲਾਨ ਪੱਤਰ’ ਜਾਰੀ ਕੀਤਾ। ਨੌਰਵਾਕ ਸਿਟੀ ਦੇ ਮੇਅਰ ਵੱਲੋਂ ਇਹ ਐਲਾਨ ਕਰਾਉਣ ਵਿਚ ਵਿਸ਼ੇਸ਼ ਕਰ ਕੇ ਨੌਰਵਾਕ ਸਿੱਖ ਟੈਂਪਲ ਦੇ ਪ੍ਰਧਾਨ ਪ੍ਰਸ਼ੋਤਮ ਸਿੰਘ ਗੁਲਾਟੀ, ਕਮਿਸ਼ਨ ਆਫ਼ ਸਿਟੀ ਪਲਾਨ ਨੌਰਵਿੱਚ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ, ਨੌਰਵਾਕ ਗੁਰਦੁਆਰਾ ਸਾਹਿਬ ਦੇ ਸਕੱਤਰ ਵੀਰ ਸਿੰਘ, ਨੌਰਵਾਕ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਰਿੰਕੂ, ਕਿਰਤ ਕੌਰ ਨੌਰਵਾਕ, ਨੌਰਵਾਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੈ ਕਿਸ਼ਨ ਸਿੰਘ ਨੇ ਵਿਸ਼ੇਸ਼ ਕਾਰਜ ਕੀਤਾ। ਇਸ ਵੇਲੇ ਹਮਦੇਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਮੋਹਨ ਸਿੰਘ ਭਰਾਰਾ, ਮੰਗਾ ਸਿੰਘ ਨੌਰਵਿੱਚ ਸਿਟੀ ਵੀ ਹਾਜ਼ਰ ਸਨ। ਇਸ ਵੇਲੇ 140 ਤੋਂ ਵੱਧ ਗੁਰਦੁਆਰਾ ਸਾਹਿਬ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੁਐਸਏ) ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਵੇਲੇ ਨੌਰਵਾਕ ਸਿਟੀ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ। ਮੇਅਰ ਵੱਲੋਂ ਜਾਰੀ ਐਲਾਨਨਾਮੇ ਵਿਚ ਵਿਸ਼ੇਸ਼ ਤੌਰ ‘ਤੇ ਸਿੱਖ ਧਰਮ ਬਾਰੇ ਵੀ ਜਾਣਕਾਰੀ ਦਿੱਤੀ ਹੈ ਜਿਸ ਵਿਚ ਲਿਖਿਆ ਹੈ ਕਿ ਸਿੱਖ ਕੌਮ ਵੱਖਰੀ ਕੌਮ ਹੈ। ਜਿਸ ਦੇ ਗੁਰਦੁਆਰਾ ਸਾਹਿਬਾਨ ਵਿਚ ਸੇਵਾ ਭਾਵਨਾ ਸਹਿਤ ਹਰ ਵੇਲੇ ਮੁਫ਼ਤ ਲੰਗਰ ਦੀ ਸੇਵਾ ਚਲਦੀ ਰਹਿੰਦੀ ਹੈ। ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਨੂੰ ਖ਼ਾਲਸਾ ਕੌਮ ਦੀ ਸਾਜਨਾ ਕੀਤੀ ਸੀ, ਖ਼ਾਲਸਾ ਕੌਮ ਦੇ ਸਿੱਖ ਦੁਨੀਆ ਦੇ ਹਰ ਕੋਨੇ ਵਿਚ ਵੱਸਦੇ ਹਨ ਤੇ ਇਨ੍ਹਾਂ ਦੀ ਵੱਖਰੀ ਪਹਿਚਾਣ ਹੈ। ਮੇਅਰ ਹੈਰੀ ਡਬਲਿਊ ਨੇ ਕਿਹਾ ਕਿ ਇਹ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਸ਼ੁਰੂ ਕੀਤੇ ਸਫ਼ਰ ਨੂੰ ਸਫਲਤਾ ਹਾਸਲ ਹੋ ਰਹੀ ਹੈ, ਹੁਣ ਉਨ੍ਹਾਂ ਦਾ ਅਗਲਾ ਕਦਮ ਵਿਸਾਖੀ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਇਕੱਠਾ ਕਰਨਗੇ। ਇਸ ਵੇਲੇ ਕਮਿਸ਼ਨ ਆਫ਼ ਸਿਟੀ ਪਲਾਨ ਨੌਰਵਿੱਚ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਸਾਖੀ ਸਿੱਖਾਂ ਦਾ ਜਨਮ ਦਿਨ ਹੈ, ਇਸ ਕਰ ਕੇ ਇਹ ਸਿੱਖਾਂ ਦਾ ਦਿਵਸ ਹੈ ਇਸ ਨੂੰ ਦੁਨੀਆ ਭਰ ਵਿਚ ਮਾਨਤਾ ਦਿਵਾਉਣ ਲਈ ਹਰ ਤਰ੍ਹਾਂ ਦਾ ਕਾਰਜ ਕੀਤਾ ਜਾਵੇਗਾ।