ਅਰਥ-ਸ਼ਾਸਤਰੀਆਂ ਵਿਲੀਅਮ ਨੌਰਡਹੌਸ ਅਤੇ ਪੌਲ ਰੋਮਰ ਨੂੰ ਨੋਬੇਲ ਪੁਰਸਕਾਰ

0
58

noble-prizeਵਿਲੀਅਮ ਨੌਰਡਹੌਸ ਅਤੇ ਪੌਲ ਰੋਮਰ
ਸਟਾਕਹੋਮ/ਬਿਊਰੋ ਨਿਊਜ਼ :
ਯੇਲ ਯੂਨੀਵਰਸਿਟੀ ‘ਚ ਅਰਥ-ਸ਼ਾਸਤਰ ਦੇ ਪ੍ਰੋਫ਼ੈਸਰ ਵਿਲੀਅਮ ਨੌਰਡਹੌਸ (77 ਸਾਲ) ਅਤੇ ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਪੌਲ ਰੋਮਰ (62 ਸਾਲ) ਨੂੰ ਸਾਂਝੇ ਤੌਰ ‘ਤੇ ਸੰਨ 2018 ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੋਹਾਂ ਨੂੰ ਕਾਢਾਂ ਅਤੇ ਵਾਤਾਵਰਣ ਨੂੰ ਆਰਥਿਕ ਵਿਕਾਸ ਨਾਲ ਜੋੜਨ ਲਈ ਇਹ ਵੱਕਾਰੀ ਪੁਰਸਕਾਰ ਮਿਲੇਗਾ। ਦੋਵੇਂ ਅਮਰੀਕੀ ਅਰਥ ਸ਼ਾਸਤਰੀ ਹਨ। ਨੌਰਡਹੌਸ ਯੇਲ ਯੂਨੀਵਰਸਿਟੀ ‘ਚ ਪੜ੍ਹਾ ਰਹੇ ਹਨ, ਜਦਕਿ ਰੋਮਰ ਇਸ ਵੇਲੇ ਨਿਊਯਾਰਕ ਯੂਨੀਵਰਸਿਟੀ ਦੇ ਸਟਰਨ ਸਕੂਲ ਆਫ਼ ਬਿਜ਼ਨਸ ਨਾਲ ਜੁੜੇ ਹੋਏ ਹਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਬਿਆਨ ਜਾਰੀ ਕਰਕੇ ਕਿਹਾ,”ਦੋਹਾਂ ਨੇ ਮੌਜੂਦਾ ਸਮੇਂ ਦੇ ਮੂਲ ਸਵਾਲ ਕਿ ਲੰਬੇ ਸਮੇਂ ਦੇ ਅਤੇ ਸਥਾਈ ਵਿਕਾਸ ਨੂੰ ਹੱਲ ਕਰਨ ਸਬੰਧੀ ਵਿਚਾਰ ਪੇਸ਼ ਕੀਤੇ ਹਨ।”
ਇਨ੍ਹਾਂ ਅਰਥਸ਼ਾਸਤਰੀਆਂ ਨੇ ਮਾਡਲ ਬਣਾ ਕੇ ਦੱਸਿਆ ਹੈ ਕਿ ਕਿਵੇਂ ਅਰਥਚਾਰਾ ਕੁਦਰਤ ਅਤੇ ਗਿਆਨ ਨਾਲ ਸੰਪਰਕ ਬਣਾਉਂਦਾ ਹੈ। ਦੋਵੇਂ ਅਰਥਸ਼ਾਸਤਰੀ ਪਿਛਲੇ ਕੁਝ ਸਾਲਾਂ ਤੋਂ ਨੋਬੇਲ ਪੁਰਸਕਾਰ ਦੀ ਦੌੜ ‘ਚ ਸਨ। ਦੋਹਾਂ ਨੂੰ ਸਾਂਝੇ ਤੌਰ ‘ਤੇ 90 ਲੱਖ ਸਵੀਡਿਸ਼ ਕ੍ਰੋਨਰ (860000 ਯੂਰੋ) ਦਾ ਇਨਾਮ ਮਿਲੇਗਾ। ਇਸ ਦੇ ਨਾਲ ਹੀ ਸੰਨ 2018 ਦੇ ਸਾਰੇ ਨੋਬੇਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਜ਼ਿਊਰੀ ਵਿਚ ਬਲਾਤਕਾਰ ਦੇ ਦੋਸ਼ ਸਾਹਮਣੇ ਆਉਣ ਮਗਰੋਂ ਇਸ ਸਾਲ ਸਾਹਿਤ ਦੇ ਨੋਬੇਲ ਪੁਰਸਕਾਰ ਨੂੰ ਇਕ ਸਾਲ ਲਈ ਮੁਲਤਵੀ ਕੀਤਾ ਗਿਆ ਹੈ।