ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

0
100

sam_7144
ਵਨ ਨੂਈਸ (ਕੈਲੀਫੋਰਨੀਆ)/ਬਿਊਰੋ ਨਿਊਜ਼ :
ਭਾਰਤ ਦੇ 72ਵੇਂ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ 25 ਅਗਸਤ ਵਾਲੇ ਦਿਨ ਹਜ਼ਾਰਾਂ ਲੋਕ ਸੈਨ ਫਰਨੈਂਡੋ ਵੈਲੀ ਵਿਚ ਬਰਮਿੰਘਮ ਚਾਰਟਰ ਹਾਈ ਸਕੂਲ ਦੇ ਮੈਦਾਨ ਵਿਚ ਇਕੱਤਰ ਹੋਏ। ਇਹ ਆਜ਼ਾਦੀ ਦਿਵਸ ਸਮਾਰੋਹ ਅਸਲ ਵਿਚ ਭਾਰਤੀਅਤਾ ਦਾ ਇੱਕ ਪ੍ਰਦਰਸ਼ਨ ਰਿਹਾ, ਜਿੱਥੇ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਲੋਕਾਂ ਨੇ ਇਸ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਇਕ ਪਲੇਟਫਾਰਮ ‘ਤੇ ਪੇਸ਼ ਕੀਤਾ। ਸੰਨ 1999 ‘ਚ ਹੋਂਦ ਵਿਚ ਆਈ ਇੰਡੀਆ ਐਸੋਸੀਏਸ਼ਨ ਆਫ਼ ਲਾਸ ਏਂਜਲਜ਼ (ਆਈਏਐਲਏ) ਵੱਲੋਂ ਆਯੋਜਤ ਕੀਤੇ ਗਏ ਇਸ ਸ਼ਾਨਦਾਰ ਸਮਾਗਮ ਵਿਚ ਕਾਂਗਰਸਮੈਨ  ਸ਼ਰਮੈਨ, ਸ੍ਰੀਲੰਕਾ ਦੇ ਕੌਂਸਲਖਾਨੇ ਦੇ ਜਨਰਲ ਸਕੱਤਰ ਸਵਰਨ ਗੁਨਰਤਨੇ, ਭਾਰਤ ਦੇ ਕੌਂਸਲੇਟ ਜਨਰਲ ਅਸਿਤ ਦੱਤਾ, ਸਕਾਟ ਸ਼ਮੇਰਲਸਨ, ਇੰਟਰਰਿਲੀਜ਼ਸ ਇੰਟਰਗਰੁੱਪ ਕਮੇਟੀ ਦੇ ਕੋ-ਚੇਅਰਜ਼ ਏਨਿਡ ਲੇਬਰ ਸਮੇਤ ਬਹੁਤ ਸਾਰੇ ਸਥਾਨਕ ਆਗੂਆਂ ਅਤੇ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਬਰਮਿੰਘਮ ਚਾਰਟਰ ਹਾਈ ਸਕੂਲ ਦੇ ਜੈਜ਼ ਬੈਂਡ ਨੇ ਅਮਰੀਕਾ ਤੇ ਭਾਰਤ ਦੇ ਕੌਮੀ ਤਰਾਨਿਆਂ ਦੀ ਧੁਨੀ ਪੇਸ਼ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਈਏਐਲਏ ਦੇ ਬਾਨੀ ਇੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸੰਸਾਰ ਦੇ ਦੋ ਮਹਾਨ ਲੋਕਤੰਤਰਾਂ ਵਿਚਕਾਰ ਵਧ ਰਹੀ ਦੋਸਤੀ ਦੇ ਵਿਸ਼ੇ ਨੂੰ ਛੂਹਿਆ।
ਆਈਏਐਲਏ. ਦੇ ਪ੍ਰਧਾਨ ਮਨਮੋਹਨ ਚੋਪੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ,ਕਿ  “ਭਾਰਤ ਦੀ ਆਜ਼ਾਦੀ ਦਿਵਸ ਦਾ ਜਸ਼ਨ ਸਾਡੀ ਜੰਮਣ ਭੋਂਇ ਦਾ ਧੰਨਵਾਦ ਕਰਨ ਦਾ ਇਕ ਤਰੀਕਾ ਹੈ। ਜਿੱਥੇ ਅਸੀਂ ਪੈਦਾ ਹੋਏ ਅਤੇ ਜਿਸ ਦੀ ਗੋਦ ਵਿਚ  ਅਸੀਂ ਆਪਣੇ ਸੁਪਨੇ ਦੇਖੇ, ਉਹ ਧਰਤੀ ਮਾਂ ਵਰਗੀ ਹੁੰਦੀ ਹੈ। ਕਾਂਗਰਸਮੈਨ ਸ਼ਰਮੈਨ ਨੇ ਆਪਣੇ ਸੰਬੋਧਨ ਵਿਚ ਭਾਰਤੀ ਭਾਈਚਾਰੇ ਦੇ ਅਮਰੀਕਾ ਦੀ ਤਰੱਕੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਲਈ ਸਭ ਤੋਂ ਮਹੱਤਵਪੂਰਨ ਰਣਨੀਤਕ ਅਤੇ ਭੂਗੋਲਿਕ ਸਾਂਝੇਦਾਰ ਹੈ ਅਤੇ ਉਹ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਨ ‘ਤੇ ਮਾਣ ਮਹਿਸੂਸ ਕਰਦਾ ਹੈ। ਕਾਰਜਕਾਰੀ ਵੀਪੀ ਸੁਨੀਲ ਅਗਰਵਾਲ ਨੇ ਕਿਹਾ, ਕਿ “ਇਹ ਸਮਾਗਮ ਇੱਕ ਪਰਵਾਰਿਕ ਇਕੱਤਰਤਾ ਦੀ ਤਰ੍ਹਾਂ ਹੈ ਜਿੱਥੋਂ ਭਾਰਤੀਆਂ ਦੀ ਅਗਲੀ ਪੀੜ੍ਹੀ ਕਾਫੀ ਕੁਝ ਸਿੱਖਦੀ ਹੈ। ਬੋਰਡ ਆਫ ਡਾਇਰੈਕਟਰ ਰਮਨ ਚੱਢਾ ਅਤੇ ਕਾਰਜਕਾਰੀ ਵੀਪੀ. ਸੁਨੀਲ ਅਗਰਵਾਲ ਨੇ ਇਸ ਸਾਲ ਦੇ ਸਪਾਂਸਰਾਂ ਦਾ ਸਨਮਾਨ ਵੀ ਕੀਤਾ।
ਕਾਂਗਰਸਮੈਨ ਸ਼ਰਮੈਨ ਨੇ ਪ੍ਰੋਗਰਾਮ ਦੇ ਗਰੈਂਡ ਸਪਾਂਸਰ ਤੁਰਕੀ ਏਅਰਲਾਇਨਜ਼, ਗੋਲਡ ਸਪਾਂਸਰ ਸੁੰਦਮ ਸੋਲਰ ਦਾ ਵਿਸ਼ੇਸ਼ ਸਨਮਾਨ ਕੀਤਾ।  ਬਾਰਾਕ ਓਬਾਮਾ ਦੀ ਊਰਜਾ ਕੌਂਸਲ ਦੇ ਮੈਂਬਰ ਰਹੇ ਅਸੀਮ ਅੰਸਾਰੀ ਨੇ ਸੁੰਦਮ ਸੋਲਰ ਦੀ ਥਾਂ ਉਤੇ ਇਹ ਸਨਮਾਨ ਪ੍ਰਾਪਤ ਕੀਤਾ।  ਇਸ ਦੇ ਨਾਲ ਹੀ ਕਾਂਗਰਸਮੈਨ ਸ਼ਰਮੈਨ ਨੇ ਦੂਜੇ ਅਹਿਮ ਸਪਾਂਸਰਾਂ ਸੁਨੀਲ ਅਗਰਵਾਲ, ਵਿਨੋਦ ਮੰਛਾਨੀ, ਰੋਬਿਨ ਪਾਇਕ, ਰਣਜੀਤ ਜੋਇਆ, ਸਤੀਸ਼ ਤੋਮਰ, ਇਕਬਾਲ ਸਮਰਾ, ਮੁਖਤਿਆਰ ਕੰਬੋਜ, ਵਾਲਿਸ ਸਟੇਟ ਬੈਂਕ, ਐਚਏਬੀ ਬੈਂਕ, ਡੀਜੇ ਸਕਾਰਪੀਓ, ਨਵਦੀਪ ਸਿੰਘ, ਪ੍ਰੇਮ ਸੀਮ, ਐਲਏ ਸਿਟੀ ਡਿਪਾਰਟਮੈਂਟ ਅਤੇ ਸੱਭਿਆਚਾਰਕ ਮਾਮਲੇ ਦੇ ਕਨਕਸਿਨਹ ਜ਼ਾਲਾ, ਯੋਗੀ ਪਟੇਲ, ਹਰਬੰਸ ਬਾਵਾ ਅਤੇ ਮੀਡੀਆ ਪਾਰਟਨਰ ਟੀਵੀ ਏਸ਼ੀਆ ਦਾ ਇਸ ਸਮਾਗਮ ਨੂੰ ਕਰਵਾਉਣ ਵਿਚ ਪਾਏ ਯੋਗਦਾਨ ਸਦਕਾ ਧੰਲਵਾਦ ਕਰਦਿਆਂ ਸਨਮਾਲ ਕੀਤਾ।
ਕਵਿਤਾ ਪੁਰੀ ਅਤੇ ਉਸਦੀ ਟੀਮ ਵੱਲੋਂ ਪੇਸ਼ ਇਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ
ਭਾਰਤੀ ਗੀਤਾਂ, ਨਾਚਾਂ ਅਤੇ ਛੋਟੀਆਂ ਕਲਾਵਾਂ ਨੂੰ ਪ੍ਰਤਿਭਾਵਾਨ ਕਲਾਕਾਰਾਂ ਦੁਆਰਾ ਪੇਸ਼ ਕੀਤਾ ਗਿਆ। ਭਾਰਤੀ ਕਲਾ ਦੇ ਸੰਸਕ੍ਰਿਤਕ ਰੂਪ ਕੱਥਕ ਨਾਚ, ਭਰਤ ਨਾਟਯਮ, ਲੋਕ ਨਾਚ ਘੂਮਰ, ਰਾਸ-ਗਰਬਾ, ਲਵਾਨੀ ਡਾਂਸ, ਭੰਗੜਾ ਅਤੇ ਬਾਲੀਵੁੱਡ ਦੀਆਂ ਹੋਰ ਬਹੁਤ ਸਾਰੀਆਂ ਮਸ਼ਹੂਰ ਆਈਟਮਾਂ ਕਲਾਕਾਰਾਂ ਦੇ ਵੱਖ-ਵੱਖ ਸਮੂਹਾਂ ਦੁਆਰਾ ਪੇਸ਼ ਕੀਤੇ ਗਏ। ਪਰਮੇਸ਼ ਸ਼ਾਹ ਅਤੇ ਉਨ੍ਹਾਂ ਦੀ ਟੀਮ ਦੁਆਰਾ ਫੈਸ਼ਨ ਤੇ ਫੂਡ ਦੀਆਂ ਮੁਨਾਫ਼ਾ-ਰਹਿਤ ਸਟਾਲਾਂ ਦੇ 65 ਬੂਥ ਬਣਾਏ ਗਏ ਸਨ ਜਿਨ੍ਹਾਂ ਨੇ ਸੈਲਾਨੀਆਂ ਨੂੰ ਬਹੁਤ ਆਕਰਸ਼ਤ ਕੀਤਾ, ਜਿਨ੍ਹਾਂ ਨੇ ਮੇਲੇ ਵਿਚ ਮਨਪਸੰਦ ਦੇ ਪਕਵਾਨਾਂ ਦਾ ਸਵਾਦ ਚੱਖਿਆ ਤੇ ਖੂਬ ਅਨੰਦ ਮਾਣਿਆ। ਇਸ ਮੌਕੇ ਸਿਹਤ ਜਾਂਚ ਕੈਂਪ ਵੀ ਲਾਇਆ ਗਿਆ, ਜਿਸ ਵਿਚ ਲੋਕਾਂ ਨੇ ਮੈਡੀਕਲ ਚੈਕਅੱਪ ਕਰਵਾਇਆ।