ਮਿਲਵਾਕੀ ਵਿੱਚ ਮੁਸਲਿਮ ਮਹਿਲਾ ਦੀ ਕੀਤੀ ਕੁੱਟਮਾਰ; ਹਿਜਾਬ ਪਾੜਿਆ

0
415

milwaukee-muslim-woman
ਮਿਲਵਾਕੀ/ਬਿਊਰੋ ਨਿਊਜ਼ :
ਇੱਥੇ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਇਕ ਮੁਸਲਿਮ ਮਹਿਲਾ ਦਾ ਹਿਜਾਬ ਫਾੜ ਦਿੱਤਾ ਤੇ ਉਸ ਦੀ ਕੁੱਟਮਾਰ ਕੀਤੀ। ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਵਿਅਕਤੀ ਨੇ ਉਸ ਦੀ ਜਾਨਵਰਾਂ ਵਾਂਗ ਕੁੱਟਮਾਰ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਮਿਲਵਾਕੀ ਦੀ ਵਸਨੀਕ ਹੈ ਜੋ ਨਮਾਜ਼ ਅਦਾ ਕਰਨ ਬਾਅਦ ਘਰ ਪਰਤ ਰਹੀ ਸੀ। ਮਿਲਵਾਕੀ ਪੁਲੀਸ ਨੇ ਫੌਕਸ 6 ਨਿਊਜ਼ ਚੈਨਲ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਪੀੜਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਪੀੜਤਾ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਇਕ ਵਿਅਕਤੀ ਕਾਰ ਤੋਂ ਉਤਰਿਆ। ਉਹ ਉਸ ਦਾ ਹਿਜਾਬ ਹਟਾਉਣਾ ਚਾਹੁੰਦਾ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ। ਇਸੇ ਦੌਰਾਨ ਉਸ ਵਿਅਕਤੀ ਨੇ ਹਮਲਾ ਕਰਕੇ ਉਸ ਨੂੰ ਭੁੰਜੇ ਸੁੱਟ ਲਿਆ ਤੇ ਉਸ ਦੀ ਜਾਨਵਰਾਂ ਵਾਂਗ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲਾਵਰ ਕੁੱਟਮਾਰ ਦੌਰਾਨ ਉਸ ਦਾ ਨਾਂ ਲੈ ਰਿਹਾ ਸੀ ਤੇ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟ ਅਨੁਸਾਰ ਹਮਲਾਵਰ ਉਸ ਦਾ ਸਕਾਰਫ਼ ਲਾਹੁਣ ਵਿੱਚ ਕਾਮਯਾਬ ਹੋ ਗਿਆ, ਜਿਸ ‘ਤੇ ਖੂਨ ਲੱਗਿਆ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਹਮਲਾਵਰ ਨੇ ਉਸ ਦੇ ਸਿਰ ‘ਤੇ ਲੱਤਾਂ ਮਾਰੀਆਂ। ਉਸ ਨੇ ਉਸ ਦੀ ਜੈਕਟ ਅਤੇ ਬਾਂਹ ਕੱਟਣ ਲਈ ਚਾਕੂ ਵੀ ਕੱਢਿਆ ਸੀ।