ਸਰਹਿੰਦ ਅਤੇ ਚਮਕੌਰ ਸਾਹਿਬ ਦੀਆਂ ਸ਼ਹਾਦਤਾਂ ਤੋਂ ਸੇਧ ਲੈ ਕੇ ਵਰਤਮਾਨ ਸੁਧਾਰੀਏ-ਡਾ. ਉੱਧੋ ਕੇ

0
256

img-20171223-wa0002
ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਵਿਸ਼ੇਸ਼ ਸੈਮੀਨਾਰ
ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲ ਪੁਰ:
ਸ਼ਹੀਦੀ ਸਾਕੇ ਆਪਾ ਕੁਰਬਾਨ ਕਰ ਗਏ ਸੂਰਮਿਆਂ ਦੇ ਖੂਨ ਨਾਲ ਇਤਿਹਾਸ ਵਿਚ ਲਿਖੀਆਂ ਮਹਿਜ਼ ਖੂਨੀ ਇਬਾਰਤਾਂ ਹੀ ਨਹੀਂ ਹੁੰਦੇ ਅਤੇ ਨਾ ਹੀ ਸਾਲ ਦੀ ਸਾਲ ਉਨ੍ਹਾਂ ਨੂੰ ਸਿਰਫ ਚੇਤੇ ਕਰ ਲੈਣਾ ਹੀ ਕਾਫ਼ੀ ਹੁੰਦਾ ਹੈ। ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਣ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਉਨ੍ਹਾਂ ਤੋਂ ਅਣਖ, ਸਿਦਕ ਅਤੇ ਕੁਰਬਾਨੀ ਦੀ ਪ੍ਰੇਰਨਾ ਲੈ ਕੇ ਵਰਤਮਾਨ ਲਈ ਜੂਝਿਆ ਜਾਵੇ। ਇਹ ਭਾਵ ਪੂਰਤ ਸ਼ਬਦ ਸਿੱਖ ਜਗਤ ਦੇ ਨਾਮਵਰ ਬੁਲਾਰੇ ਡਾ. ਸੁਖਪ੍ਰੀਤ ਸਿੰਘ ਉੱਧੋ ਕੇ ਗੁਰਦੁਆਰਾ ਸਿੰਘ ਸਭਾ ਬੇਅ ਏਰੀਆ ਮਿਲਪੀਟਸ ਵਿਖੇ ਇਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ਹੋਠੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਸੈਮੀਨਾਰ ਹਾਲ ਵਿਚ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਕਰਵਾਏ ਵਿਸ਼ੇਸ਼ ਸੈਮੀਨਾਰ ਵਿਚ ਆਪਣੇ ਖੋਜ ਭਰਪੂਰ ਲੈਕਚਰ ਦੁਆਰਾ ਪੰਜਾਬ ਤੋਂ ਆਏ ਡਾ. ਉੱਧੋ ਕੇ ਨੇ ਪਰਿਵਾਰ ਵਿਛੋੜਾ ਤੋਂ ਲੈ ਕੇ ਸਰਹਿੰਦ ਅਤੇ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਦਾ ਬਾਖੂਬੀ ਵਰਨਣ ਕੀਤਾ। ਉਨ੍ਹਾਂ ਪੰਥ ਦੀ ਅਜੋਕੀ ਅਧੋਗਤੀ ਵਾਲੀ ਹਾਲਤ ਬਾਰੇ ਮਿਸਾਲਾਂ ਦਿੰਦਿਆਂ ਆਖਿਆ ਕਿ ਜਿਵੇਂ ਦੁਸ਼ਮਣ ਨੇ ਉਦੋਂ ਗੁਰੂ ਕੇ ਖਾਲਸੇ ਨੂੰ ਕੱਚੀ ਗੜ੍ਹੀ ਵਿਚ ਘੇਰਾ ਪਾਇਆ ਸੀ ਅਤੇ ਦੋ ਸ਼ੀਰ ਖੋਰ ਸਾਹਿਬਜ਼ਾਂਦਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਸੀ, ਉਵੇਂ ਅੱਜ ਵੀ ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਨੂੰ ਸਾਜਿਸ਼ੀ ਮਾਰੂ ਅਲਾਮਤਾਂ ਨੇ ਪੀਡਾ ਘੇਰਾ ਪਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਰੂਪੀ ਜ਼ਹਿਰਾਂ ਦਾ ਪ੍ਰਕੋਪ, ਅੱਖਾਂ ਤੇ ਕੰਨਾਂ ਰਾਹੀਂ ਪ੍ਰੋਸੀ ਜਾ ਰਹੀ ਅਸ਼ਲੀਲਤਾ, ਪੰਥ ਦੇ ਕੇਂਦਰ ਉੱਤੇ ਭਾਰੂ ਪ੍ਰਵਾਰਵਾਦ ਅਤੇ ਅੰਨ੍ਹੇ ਵਾਹ ਪ੍ਰਵਾਸ ਪਲਾਇਨ ਵਰਗੇ ਅਸਹਿ ਦੁੱਖ ਅੱਜ ਪੰਜਾਬ ਵਿਚ ਪੈਰ ਪੈਰ ‘ਤੇ ਪ੍ਰਵਾਰ ਵਿਛੋੜੇ ਪਾ ਰਹੇ ਹਨ। ਆਪਣੇ ਡੇਢ ਘੰਟੇ ਦੇ ਭਾਸ਼ਨ ਵਿਚ ਡਾ. ਉੱਧੋ ਕੇ ਨੇ ਵੱਖ ਵੱਖ ਸਰੋਤਾਂ ਤੋਂ ਮਿਲੇ ਅੰਕੜੇ ਪੇਸ਼ ਕਰਦਿਆਂ ਇਕੱਠ ਨੂੰ ਅਪੀਲ ਕੀਤੀ ਨਵਾਬ ਮਲੇਰ ਕੋਟਲਾ ਵੱਲੋਂ ਮਾਰੇ ਹਾਅ ਦੇ ਨਾਹਰੇ ਨੂੰ ਆਉ ਹੁਣ ਆਪਾਂ ਵੀ ਅਮਲ ਵਿਚ ਲਿਆਈਏ ਤੇ ਯਥਾ ਸ਼ਕਤੀ ਉਪਰਾਲੇ ਕਰਕੇ ਪੁਰਖਿਆਂ ਦੀ ਧਰਤੀ ਲਈ ਜੂਝੀਏ।
ਇਸ ਮੌਕੇ ਗੁਰੂ ਘਰ ਦੀ ਤਰਫੋਂ ਭਾਈ ਜਸਵੰਤ ਸਿੰਘ ਹੋਠੀ ਵੱਲੋਂ ਡਾ. ਉੱਧੋ ਕੇ ਨੂੰ ਸਨਮਾਨਿਤ ਕੀਤਾ ਗਿਆ. ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।