ਲੰਡਨ : ਵੀਰੇਂਦਰ ਸ਼ਰਮਾ ਤੇ ਸੁਰਿੰਦਰ ਅਰੋੜਾ ‘ਪਰਾਈਡ ਆਫ਼ ਪੰਜਾਬ’ ਨਾਲ ਸਨਮਾਨਤ

0
405

london-pride-of-punjab
ਲੰਡਨ/ਬਿਊਰੋ ਨਿਊਜ਼ :
ਯੂਕੇ ਵਿੱਚ ਵਸੇ ਪੰਜਾਬੀ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਦੇਣ ਬਦਲੇ ਪ੍ਰਵਾਸੀ ਭਾਰਤੀ ਵੀਰੇਂਦਰ ਸ਼ਰਮਾ ਅਤੇ ਸੁਰਿੰਦਰ ਅਰੋੜਾ ਨੂੰ ‘ਪਰਾਈਡ ਆਫ਼ ਪੰਜਾਬ’ ਸਨਮਾਨ ਦਿੱਤਾ ਗਿਆ ਹੈ। ਵੀਰੇਂਦਰ ਸ਼ਰਮਾ ਈਲਿੰਗ ਤੋਂ ਸੰਸਦ ਮੈਂਬਰ ਹਨ ਤੇ ਸੁਰਿੰਦਰ ਅਰੋੜਾ ਹੋਟਲ ਸਨਅਤ ਕਾਰੋਬਾਰ ਨਾਲ ਜੁੜੇ ਹੋਏ ਹਨ।
ਬਰਤਾਨੀਆ ਦੇ ਕਮਿਊਨਟੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਾਜਿਦ ਜਾਵੇਦ ਨੇ ਉਨ੍ਹਾਂ ਨੂੰ ਇਹ ਖ਼ਿਤਾਬ ਬ੍ਰਿਟਿਸ਼ ਆਈਲਸ ਦੀ ਪੰਜਾਬੀ ਸੁਸਾਇਟੀ ਵੱਲੋਂ ਕਰਾਏ ਸਾਲਾਨਾ ਰਾਤ ਦੇ ਖਾਣੇ ਮੌਕੇ ਪ੍ਰਦਾਨ ਕੀਤਾ। ਇਸ ਮੌਕੇ ਸ਼ਰਮਾ ਦੇ ਪਿਛਲੇ ਇਕ ਦਹਾਕੇ ਤੋਂ ਈਲਿੰਗ ਸਾਊਥਾਲ ਦਾ ਐਮਪੀ ਹੁੰਦਿਆਂ ਭਾਈਚਾਰੇ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ ਗਈ।
ਭਾਰਤ ਵਿਚ 1947 ਵਿੱਚ ਜਨਮੇ ਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿਚ ਪੜ੍ਹੇ ਵੀਰੇਂਦਰ ਸ਼ਰਮਾ ਨੇ ਬੱਸ ਕੰਡਕਟਰ ਵੱਜੋਂ ਆਪਣੇ ਪੇਸ਼ੇਵਰਾਨਾ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਉਹ ਲੇਬਰ ਪਾਰਟੀ ਵਿਚ ਸ਼ਾਮਲ ਹੋ ਗਏ ਤੇ ਰਾਜਨੀਤੀ ਵਿਚ ਹੱਥ ਅਜ਼ਮਾਇਆ। ਸੁਰਿੰਦਰ ਅਰੋੜਾ 1972 ਵਿਚ ਬਰਤਾਨੀਆ ਆਏ ਤੇ ਇਕ ਹੋਟਲ ਵਿਚ ਵੇਟਰ ਵੱਜੋਂ ਕੰਮ ਕੀਤਾ। ਮਗਰੋਂ ਅਰੋੜਾ ਨੇ ਉਸੇ ਹੋਟਲ ਨੂੰ ਖ਼ਰੀਦ ਲਿਆ।
ਜਲੰਧਰ ਲਾਗੇ ਸੁਲਤਾਨਪੁਰ ਵਿਚ 1958 ਵਿੱਚ ਜਨਮੇ ਅਰੋੜਾ ਇਸ ਵੇਲੇ ਬਰਤਾਨੀਆ ਦੇ ਸਭ ਤੋਂ ਸਥਿਰ ਤੇ ਉੱਤਮ ਮੰਨੇ ਜਾਂਦੇ ਹੋਟਲ ਗਰੁੱਪ ਦੀ ਅਗਵਾਈ ਕਰ ਰਹੇ ਹਨ। ਇਹ ਗਰੁੱਪ ਵਰਤਮਾਨ ਵਿਚ ਦੇਸ਼ ਦੀ ਸਭ ਤੋਂ ਵੱਡੀ ਆਜ਼ਾਦਾਨਾ ਹੋਟਲ ਚੇਨ ਚਲਾ ਰਿਹਾ ਹੈ।
ਵੀਰੇਂਦਰ ਸ਼ਰਮਾ ਨੇ ਦਿੱਤੇ ਐਵਾਰਡ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬੀ ਭਾਈਚਾਰੇ ਦੀ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਵਸੇ ਬ੍ਰਿਟਿਸ਼ ਭਾਈਚਾਰੇ ਦੀ ਸੇਵਾ ਲਈ ਵਚਨਬੱਧ ਹਨ। ਇਸ ਮੌਕੇ ਯੂਕੇ ਵਿਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਡਾ. ਦਿਨੇਸ਼ ਪਟਨਾਇਕ ਵੀ ਹਾਜ਼ਰ ਸਨ।