’47 ਦੀ ਵੰਡ ਦੇ ਦਰਦ ਨੂੰ ਪੇਸ਼ ਕਰਦੇ ਨਾਟਕ ‘ਕਰਮਾਂ ਵਾਲੀ’ ਦਾ ਸਫਲ ਮੰਚਨ

0
90

karmanavali-picture
ਸੁਨੀਤਾ ਧੀਰ ਦੀ ਨਿਰਦੇਸ਼ਨਾਂ ‘ਚ ਸਥਾਨਕ ਕਲਾਕਾਰਾਂ ਨੇ ਵੀ ਲਿਆ ਹਿੱਸਾ
ਯੂਨੀਅਨ ਸਿਟੀ/ਬਿਊਰੋ ਨਿਊਜ਼ :
1947 ਦੀ ਵੰਡ ਦੇ ਦਰਦ ਨੂੰ ਪੇਸ਼ ਕਰਦਾ ਕਸ਼ਮੀਰੀ ਲਾਲ ਯਾਰਕ ਦੇ ਨਾਵਲ ‘ਤੇ ਆਧਾਰਤ ਨਾਟਕ ‘ਕਰਮਾਂ ਵਾਲੀ’ ਇੱਥੇ ਲੋਗਨ ਹਾਈ ਸਕੂਲ ਦੇ ਥੀਏਟਰ ਵਿਚ ਖੇਡਿਆ ਗਿਆ। ਇਸ ਦਾ ਨਿਰਦੇਸ਼ਨ ਪੰਜਾਬੀ ਫਿਲਮਾਂ ਅਤੇ ਰੰਗ ਮੰਚ ਦੀ ਉੱਘੀ ਸ਼ਖ਼ਸੀਅਤ ਸੁਨੀਤਾ ਧੀਰ ਨੇ ਕੀਤਾ। ਇਹ ਨਾਟਕ ਪੀਪਲਜ਼ ਥੀਏਟਰ ਐਸੋਸੀਏਸ਼ਨ ਪਟਿਆਲਾ ਅਤੇ ਗੁਰੂ ਐਂਟਰਟੇਨਮੈਂਟ ਐਂਡ ਮੀਡੀਆ ਲਾਸ ਏਂਜਲਸ ਵਲੋਂ ਮਿਹਰ ਮਾਹਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦਰਸ਼ਕਾਂ ਨੇ ਇਸ ਦਾ ਆਨੰਦ ਮਾਣਿਆ। ਇਸ ਨਾਟਕ ਵਿਚ ਰੰਗ ਮੰਚ ਦੀਆਂ ਉੱਘੀਆਂ ਹਸਤੀਆਂ ਸੁਨੀਤਾ ਧੀਰ, ਗਿਰਿਜਾ ਸ਼ੰਕਰ ਤੇ ਬਿੱਲੂ ਨੇ ਅਭਿਨੈ ਕੀਤਾ, ਉਥੇ ਸਥਾਨਕ ਕਲਾਕਾਰਾਂ ਨੂੰ ਵੀ ਸਟੇਜ ‘ਤੇ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਿਆ।
ਇਸ ਨਾਟਕ ਨੂੰ ਰਵਾਨਗੀ ਦੇਣ ਲਈ ਸੁਨੀਤਾ ਧੀਰ ਨੇ ਸੂਤਰਧਾਰ ਵਜੋਂ ‘ਕਰਮਾਂ ਵਾਲੀ’ ਦਾ ਹੀ ਰੋਲ ਅਦਾ ਕੀਤਾ ਜਦੋਂ ਕਿ ਨਾਟਕ ਵਿਚ ਇਸੇ ਕਿਰਦਾਰ ਨੂੰ ਰੂਬੀ ਸਰਾਂ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਗਿਰਿਜਾ ਸ਼ੰਕਰ ਦੀ ਹਾਜ਼ਰੀ ਭਾਵੇਂ ਨਾਟਕ ਦੇ ਆਖਰੀ ਪਲਾਂ ਵਿਚ ਸੀ ਪਰ ਅਦਾਕਾਰੀ ‘ਚ ਗੁਜ਼ਾਰੀ ਸਾਰੀ ਉਮਰ ਕਰਕੇ ਉਸ ਨੇ ਨਾਟਕ ਵਿਚਲੇ ਸਿੱਖ ਕਿਰਦਾਰ ਨੂੰ ਇੰਨ ਬਿੰਨ ’47 ਦੇ ਦ੍ਰਿਸ਼ ਵਾਂਗ ਚਿਤਰ ਦਿੱਤਾ। ਨਾਟਕ ਵਿਚ ਮੁਸਲਮਾਨ ਬੱਚੇ ਖੁਸ਼ੀਏ ਦਾ ਵਿਛੋੜਾ ਪਰਿਵਾਰ ਲਈ ਤਾਂ ਅਸਹਿ ਸੀ ਪਰ ਉਸ ਨੂੰ ਇਕ ਗੁਰੂ ਘਰ ਦਾ ਗ੍ਰੰਥੀ ਕਿਵੇਂ ਸੰਭਾਲਦਾ ਤੇ ਪਰਵਰਿਸ਼ ਕਰਦਾ ਹੈ, ਨਾਟਕ ਰਾਹੀਂ ਇਹੀ ‘ਸਾਂਝੀ ਵਾਲਤਾ’ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਕਰੀਬਨ ਡੇਢ ਘੰਟੇ ਦੇ ਇਸ ਨਾਟਕ ਵਿਚ ਦਰਸ਼ਕਾਂ ਦੀ ਇਕਾਗਰਤਾ ਬਣੀ ਰਹੀ। ਸੰਗੀਤ ਵਿਚ ਕੁਝ ਰਵਾਇਤੀ ਗੀਤਾਂ ਨੂੰ ਪੇਸ਼ ਕਰਨਾ ਚੰਗਾ ਲੱਗਾ ਤੇ ਇਕ ਯੁੱਗੜੇ ਬੀਤ ਜਾਣ ਵਾਲੀ ਕਹਾਣੀ ਨੂੰ ਅਮਰੀਕਾ ਵਰਗੇ ਮੁਲਕ ਵਿਚ ਪੰਜਾਬੀਆਂ ਅੱਗੇ ਪੇਸ਼ ਕਰਨਾ, ਵੰਡੀਆਂ ਪਾਉਂਦੇ ਮਨੁੱਖ ਨੂੰ ਇਕੱਠੇ ਹੋਣ ਦਾ ਸੰਕੇਤ ਸੀ। ਨਾਟਕ ਵਿਚ ਬਿੱਲੂ ਸਿੰਘ, ਮਾਸਟਰ ਰਿੰਕੂ, ਵਿਜੈ ਸਿੰਘ, ਬਲਜੀਵਨ ਅਤੇ ਪੌਪੀ ਸਿੰਘ ਦੇ ਕਿਰਦਾਰਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਮੇਜਰ ਮਾਹਲ ਨੇ ਸਹਿਯੋਗੀਆਂ ਅਤੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅਗਲੇ ਵਰ੍ਹਿਆਂ ਵਿਚ ਵੀ ਅਜਿਹੇ ਨਾਟਕ ਪੇਸ਼ ਕਰਨ ਦਾ ਵਾਅਦਾ ਕੀਤਾ।
ਸਭਨਾਂ ਸਪਾਂਸਰਾਂ ਤੇ ਸਹਿਯੋਗੀਆਂ ਦਾ ਧੰਨਵਾਦ
ਪੀਪਲਜ਼ ਥੀਏਟਰ ਐਸੋਸ਼ੀਏਸ਼ਨ ਪਟਿਆਲਾ, ਗੁਰੂ ਐਂਟਰਟੇਨਮੈਂਟ ਐਂਡ ਮੀਡੀਆ ਐੱਲਏ, ਸਿੱਖ ਗੁਰਦੁਆਰਾ ਸੈਨ ਫਰਾਂਸਿਸਕੋ ਅਤੇ ਐਸ ਜੀ ਐਸ ਐਫ਼ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਐਸੋਸੀਏਸ਼ਨ (75N3O) ਦੀ ਤਰਫੋਂ ਮੇਹਰ ਮਾਹਲ ਨੇ ‘ਕਮਰਾਂਵਾਲੀ’ ਨਾਟਕ ਦੇ ਸਪਾਂਸਰਾਂ ਪ੍ਰੀਤਮ ਸਿੰਘ ਗਰੇਵਾਲ, ਇੰਦਰਜੀਤ ਸਿੰਘ, ਪੀਐਨਜੀ ਜਿਊਲਰਜ਼, ਮਾਵੀ ਬ੍ਰਦਰਜ਼, ਸਰਦੂਲ ਸਿੰਘ ਸਮਰਾ, ਬੰਬੇ ਗਾਰਡਨ, ਸਵਾਗਤ ਇੰਡੀਆ, ਮਿਕੀ ਸਰਾਂ, ਕਿੰਗਜ਼ ਆਫ ਪੰਜਾਬ ਅਤੇ ਰਵੀ ਬਾਠ ਤੋਂ ਇਲਾਵਾ ਇਸ ਨਾਟਕ ਦੀ ਸਫ਼ਲ ਪੇਸ਼ਕਾਰੀ ਲਈ ਸਹਿਯੋਗ ਦੇਣ ਬਦਲੇ ਗੁਰਦੁਆਰਾ ਸਾਹਿਬ ਸੈਨਹੋਜ਼ੇ, ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਗੁਰਦੁਆਰਾ ਸਾਹਿਬ ਮਿਲਪੀਟਸ ਦੀਆਂ ਪ੍ਰਬੰਧਕ ਕਮੇਟੀਆਂ, ਪੰਜਾਬੀ ਮੀਡੀਆ (ਪੰਜਾਬੀ ਰੇਡੀਓ ਯੂ ਐਸ ਏ, ਚੜ੍ਹਦੀ ਕਲਾ, ਰੇਡੀਓ ਪੰਜਾਬ), ਸੁਨੀਤਾ ਧੀਰ, ਗਿਰਿਜਾ ਸ਼ੰਕਰ, ਦਲਬੀਰ ਸੈਨੀ, ਜਗਿੰਦਰ ਬੋਲਾਰੀਆ, ਗੁਰਜੰਟ ਸੰਘਾ, ਕ੍ਰਿਪਾਲ ਅਟਵਾਲ, ਟੋਨੀ ਗਰੇਵਾਲ, ਹਰਜੀਤ ਗਿੱਲ, ਹਰਪ੍ਰਕਾਸ਼ ਢਿੱਲੋਂ, ਰਜਿੰਦਰ ਸ਼ਰਮਾ, ਮਨਪ੍ਰੀਤ ਸਿੰਘ, ਜਗਪਾਲ ਸਿੰਘ, ਜਸਪਾਲ ਸਿੰਘ, ਮੱਖਣ ਮਾਹਲ, ਨਾਟਕ ਦੇ ਕਲਾਕਾਰਾਂ, ਦਰਸ਼ਕਾਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਹੈ।