ਭਾਰਤੀ ਏਜੰਸੀਆਂ ਵੱਲੋਂ ਕਨੇਡਾ ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼” ਦਾ ਖੁਲਾਸਾ

0
60

justin-trudeau-narendra-modi
ਓਟਾਵਾ/ ਬਿਊਰੋ ਨਿਊਜ਼ :
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਬਾਬਤ ਜਾਰੀ ਹੋਈ ਨੈਸ਼ਨਲ ਸਕਿਓਰਟੀ ਅਤੇ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਜ਼”ਦੀ ਰਿਪੋਰਟ ਵਿਚ ਕਨੇਡਾ ਰਹਿੰਦੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੇ ਤੱਥ ਮੁੜ ਉਜਾਗਰ ਹੋਏ ਹਨ। ਜ਼ਿਕਰਯੋਗ ਹੈ ਕਿ ਕਨੇਡਾ ਵਿਚਲਾ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਹ ਦੋਸ਼ ਲਾਉਂਦਾ ਆ ਰਿਹਾ ਸੀ ਕਿ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਲਈ ਭਾਰਤ ਸਰਕਾਰ, ਇਸ ਦਾ ਕਨੇਡਾ ਵਿਚਲਾ ਸਫਾਰਤਖਾਨਾ ਤੇ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਮੰਦਭਾਵਨਾ ਨਾਲ ਦਖਲ ਅੰਦਾਜ਼ੀ ਕਰਦੀਆਂ ਆ ਰਹੀਆਂ ਹਨ।
ਕੁੱਲ 40 ਪੰਨਿਆਂ ਦੀ ਜਾਰੀ ਹੋਈ ਰਿਪੋਰਟ ਵਿਚੋਂ ਬਹੁਤ ਵੱਡਾ ਹਿੱਸਾ ਕਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ “ਨੈਸ਼ਨਲ ਸਕਿਓਰਟੀ”ਅਤੇ ਕੌਮਾਂਤਰੀ ਸਬੰਧਾਂ” ਲਈ ਨੁਕਸਾਨਦੇਹ ਦੱਸਦਿਆ ਹਟਾ ਦਿੱਤਾ ਗਿਆ ਹੈ। ਭਾਵੇਂ ਕਿ ਇਸ ਵਿਚੋਂ ਮਹੱਤਵਪੂਰਣ ਜਾਣਕਾਰੀ ਵੱਡੇ ਪੱਧਰ ਉੱਤੇ ਕਨੇਡਾ ਸਰਕਾਰ ਨੇ ਰੋਕ ਲਈ ਹੈ ਪਰ ਫਿਰ ਵੀ ਇਹ ਲੇਖਾ ਸਾਫ ਜ਼ਾਹਰ ਕਰਦਾ ਹੈ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਦੌਰਾਨ ਭਾਰਤੀ ਏਜੰਸੀਆਂ ਤੇ ਮੀਡੀਆ ਵੱਲੋਂ ਮਿੱਥ ਕੇ ਕਨੇਡਾ ਸਰਕਾਰ ਨੂੰ ਠਿੱਠ ਕੀਤਾ ਗਿਆ ਤੇ“ਸਿੱਖ ਕੱਟੜਵਾਦ ਦੀ ਝੂਠੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ।
ਇਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਸਰਕਾਰ ਕਨੇਡਾ ਦੀ ਸਰਕਾਰ ਕੋਲ ਕਨੇਡਾ ਰਹਿੰਦੇ ਸਿੱਖਾਂ ਵਿਰੁਧ ਸ਼ਿਕਾਇਤਾਂ ਕਰਦੀ ਰਹਿੰਦੀ ਹੈ ਤੇ ਤਕਰੀਬਨ ਹਰ ਪੱਧਰ ਦੀ ਦੁਵੱਲੀ ਗੱਲਬਾਤ ਦੌਰਾਨ ਭਾਰਤ ਸਰਕਾਰ ਸਿੱਖਾਂ ਵਿਰੁਧ ‘ਅਤਿਵਾਦ’ ਦਾ ਦੋਸ਼ ਮੜ੍ਹਦੀ ਹੈ।
ਇਸ ਰਿਪੋਰਟ ਵਿਚ ਭਾਰਤੀ ਮੀਡੀਆ ਵੱਲੋਂ ਮਿੱਥ ਕੇ ਕਨੇਡਾ ਦੇ ਪ੍ਰਧਾਨ ਮੰਤਰੀ ਉੱਤੇ ਅਖੌਤੀ ਸਿੱਖ “ਕੱਟੜਵਾਦੀਆਂ” ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਾਉਣ ਵਾਲੀਆਂ ਖਬਰਾਂ ਦਾ ਖਾਸ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ। ਇਹ ਖਬਰਾਂ ਕਨੇਡਾ ਦੇ ਮੀਡੀਆ ਵੱਲੋਂ ਵੀ ਬਿਨਾ ਪੜਚੋਲ ਦੇ ਛਾਪੀਆਂ ਜਾਂਦੀਆਂ ਰਹੀਆਂ ਸਨ।
ਇਸ ਬਾਰੇ ਟਿੱਪਣੀ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਰਿਪੋਰਟ ਕਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ, ਅਫਸਰਾਂ ਤੇ ਮੀਡੀਆ ਲਈ ਸਾਫ ਇਸ਼ਾਰਾ ਹੈ ਕਿ ਭਾਰਤੀ ਮੀਡੀਆ ਵੱਲੋਂ ਸਿੱਖ-ਕੱਟੜਵਾਦ” ਦੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਪੜਚੋਲਵੀਂ ਨਜ਼ਰ ਨਾਲ ਵੇਖਣ ਦੀ ਡਾਹਢੀ ਲੋੜ ਹੈ। ਉਹਨਾਂ ਕਿਹਾ ਕਿ ਭਾਰਤੀ ਮੀਡੀਆ ਤੇ ਏਜੰਸੀਆਂ ਵੱਲੋਂ ਬੇਬੁਨਿਆਦ ਦੋਸ਼ ਲਾ ਕੇ ਸਿੱਖਾਂ ਦੀ ਸਾਖ ਨੂੰ ਵੱਟਾ ਲਾਉਣ ਦੀਆਂ ਕੋਸ਼ਿਸ਼ਾਂ ਇਕ ਗੰਭੀਰ ਮਸਲਾ ਹਨ ਅਤੇ ਇਹ ਮਹਿਜ਼ ਇਤਫਾਕ ਨਹੀਂ ਹੈ ਕਿ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਹੋਏ ਦੁਸ਼-ਪ੍ਰਚਾਰ ਤੋਂ ਬਾਅਦ ਕਨੇਡਾ ਵਿੱਚ ਸਿੱਖਾਂ ਖਿਲਾਫ ਨਫਰਤ ਭਰੀ ਹਿੰਸਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਵੱਲੋਂ ਸਿੱਖ-ਕੱਟੜਵਾਦ ਦੀ ਝੂਠੀ ਦੁਹਾਈ ਪਿੱਟ ਕੇ ਸਿੱਖਾਂ ਨੂੰ ਖੂੰਜੇ ਲਾਉਣ ਦੀਆਂ ਕੋਸ਼ਿਸ਼ਾਂ ਕਰਨਾ ਇਕ ਅਤਿ ਗੰਭੀਰ ਮਸਲਾ ਹੈ ਤੇ ਇਸ ਨਾਲ ਜ਼ੋਰਦਾਰ ਤਰੀਕੇ ਨਾਲ ਨਜਿੱਠਣ ਦੀ ਲੋੜ ਹੈ।