ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਗੰਭੀਰ ਜ਼ਖਮੀ

0
132

18may-jaspreet-singh
ਓਹਾਇਓ/ਬਿਊਰੋ ਨਿਊਜ਼ : ਅਮਰੀਕਾ ਦੀ ਓਹਾਇਓ ਸੂਬੇ ਦੇ  ਸ਼ਹਿਰ ਸਿਨਸਿਨਾਤੀ ‘ਚ ਇਕ ਕਾਲੇ ਵਿਅਕਤੀ ਨੇ ਪੰਜਾਬ ਦੇ ਨਡਾਲਾ ਤੋਂ ਇਥੇ ਆਏ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜੋ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ।
ਇਸ ਸਬੰਧੀ ਨੌਜਵਾਨ ਦੇ ਜੀਜਾ ਜੰਗ ਬਹਾਦਰ ਸਿੰਘ ਸੋਢੀ ਵਾਸੀ ਪਸੀਏਵਾਲ ਨੇ ਦੱਸਿਆ ਕਿ ਘਟਨਾ ਸਮੇਂ ਰਾਤ ਕਰੀਬ 10.30 ਵਜੇ ਸਬੰਧਤ ਨੌਜਵਾਨ ਜਸਪ੍ਰੀਤ ਸਿੰਘ  ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਇੱਕ ਕਾਲੇ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਸਪ੍ਰੀਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਹ ਮੌਤ ਨਾਲ ਸੰਘਰਸ਼ ਕਰ ਰਿਹਾ ਹੈ।
ਉਕਤ ਨੌਜਵਾਨ ਕਰੀਬ 8 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਮਰੀਕਾ ਗਿਆ ਸੀ ਤੇ ਆਪਣੀ ਪਤਨੀ ਜਸਪ੍ਰੀਤ ਕੌਰ ਅਤੇ 2 ਲੜਕੇ ਤੇ 2 ਲੜਕੀਆਂ ਨਾਲ ਸਿਨਸਿਨਾਤੀ ਸ਼ਹਿਰ ‘ਚ ਰਹਿ ਰਿਹਾ ਸੀ। ਇਸ ਵੇਲੇ ਪਰਿਵਾਰ ਦਾ ਪੇਟ ਪਾਲਣ ਲਈ ਟਰਾਲਾ ਚਲਾਉਂਦਾ ਸੀ। ਜਾਣਕਾਰੀ ਅਨੁਸਾਰ ਮੌਕੇ ‘ਤੇ ਪੁੱਜੀ ਹੈਮਿਲਟਨ ਪੁਲੀਸ ਨੇ ਬਰੋਡਰਿਕ ਮਲਿਕ ਜੋਨਸ ਰੋਬਿਟ ਨਾਂ ਦੇ ਦੋਸ਼ੀ ਕਾਲੇ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ। ਇਸ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਰਿਹਾ।