ਅਮਰੀਕਾ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਿੱਖ ਟਰੱਕ ਚਾਲਕ ਜਸਪ੍ਰੀਤ ਸਿੰਘ ਦੀ ਮੌਤ

0
120

jaspreet-singh-28may
ਨਿਊਯਾਰਕ/ਬਿਊਰੋ ਨਿਊਜ਼ :
32 ਸਾਲਾ ਇਕ ਸਿੱਖ ਟਰੱਕ ਡਰਾਈਵਰ, ਜਿਸ ਨੂੰ ਦੋ ਹਫ਼ਤੇ ਪਹਿਲਾਂ ਓਹਾਇਓ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਜ਼ਖ਼ਮਾਂ ਦੀ ਤਾਬ ਨਾ ਸਹਿੰਦਾ ਹੋਇਆ ਦਮ ਤੋੜ ਗਿਆ ਜਦਕਿ ਇਸਤਗਾਸਾ ਦਾ ਕਹਿਣਾ ਹੈ ਕਿ ਉਹ ਇਸ ਕੇਸ ਵਿੱਚ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਧਾਰਾ ਆਇਦ ਕਰੇਗਾ।
ਜ਼ਿਕਰਯੋਗ ਹੈ ਕਿ ਮੁਨਰੋ ਵਾਸੀ ਜਸਪ੍ਰੀਤ ਸਿੰਘ ਨੂੰ ਲੰਘੀ 12 ਮਈ ਦੀ ਰਾਤ 20 ਸਾਲਾ ਬਰਾਡੇਰਿਕ ਮਲਿਕ ਜੋਨਜ਼ ਰਾਬਰਟਜ਼ ਨੇ ਗੋਲੀ ਮਾਰ ਦਿੱਤੀ ਸੀ। ਰਾਬਰਟਜ਼ ਖ਼ਿਲਾਫ਼ ਡਕੈਤੀ, ਹਮਲਾ ਤੇ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ।ਬਟਲਰ ਕਾਉੂਂਟੀ ਦੇ ਪ੍ਰਾਸੀਕਿਉੂਟਰ ਮਾਈਕਲ ਗਮੋਜ਼ਰ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੇ ਪੇਟ ਵਿੱਚ ਗੋਲੀ ਵੱਜੀ ਸੀ। ਰਾਬਰਟਜ਼ ਨੇ ਜਸਪ੍ਰੀਤ ਨੂੰ ਉਦੋਂ ਗੋਲੀ ਮਾਰੀ ਸੀ ਜਦੋਂ ਉਹ ਆਪਣੇ ਟਰੱਕ ਵਿੱਚ ਸਵਾਰ ਸੀ। ਇਸਤਗਾਸਾ ਨੇ ਕਿਹਾ ਕਿ ਉਹ ਮੁਲਜ਼ਮ ਖ਼ਿਲਾਫ਼ ਹੱਤਿਆ ਦੀ ਧਾਰਾ ਜੋੜਨਾ ਚਾਹੁੰਦੇ ਹਨ।
ਜਸਪ੍ਰੀਤ ਸਿੰਘ ਅੱਠ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਪੈਰਵੀ ਗਰੁੱਪ ਸਿੱਖ ਕੋਲੀਸ਼ਨ ਨੇ ਕਿਹਾ ਕਿ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਗਰੁਪ ਦੀ ਕਾਨੂੰਨੀ ਟੀਮ ਸਿਨਸਿਨਾਟੀ ਦੇ ਅਧਿਕਾਰੀਆਂ ਨਾਲ ਰਾਬਤਾ  ਅਤੇ ਕੇਸ ‘ਤੇ ਨਜ਼ਰ ਰੱਖ ਰਹੀ ਹੈ। ਮੁਲਜ਼ਮ ਰਾਬਰਟਜ਼ 31 ਮਈ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਵੇਗਾ। ਮ੍ਰਿਤਕ ਜਸਪ੍ਰੀਤ ਸਿੰਘ ਬਾਰੇ ਉਸ ਦੇ ਦੋਸਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਹਲਕਿਆਂ ਵਿੱਚ ਉਸ ਦੀ ਚੰਗੀ ਪਛਾਣ ਸੀ ਤੇ ਉਸ ਦੇ ਪਰਿਵਾਰ ਵਿੱਚ ਚਾਰ ਬੱਚੇ ਹਨ। ਉਹ ਇਲਾਕੇ ਦੀ ਗੁਰੂ ਨਾਨਕ ਸਭਾ ਵਿੱਚ ਸਰਗਰਮ ਸੀ।