ਟਰੰਪ ਦੀ ਧੀ ਇਵਾਂਕਾ ਦੀ ਆਪਣੇ ਬੇਟੇ ਨਾਲ ਤਸਵੀਰ ‘ਤੇ ਹੋਈਆਂ ਸਖਤ ਟਿੱਪਣੀਆਂ

0
234

ivanka-29may

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੱਡੀ ਧੀ ਇਵਾਂਕਾ ਟਰੰਪ ਦੀ ਆਪਣੇ ਪੁੱਤਰ ਨਾਲ ਲਾਡ ਲਡਾਉਣ ਦੀ ਤਸਵੀਰ।
ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਧੀ ਇਵਾਂਕਾ ਟਰੰਪ ਦੀ ਆਪਣੇ ਪੁੱਤਰ ਨਾਲ ਲਾਡ ਲਡਾਉਣ ਦੀ ਤਸਵੀਰ ਟਵਿੱਟਰ ‘ਤੇ ਜਾਰੀ ਹੋਣ ਮਗਰੋਂ ਉਸ ਨੂੰ ਸਰਕਾਰ ਦੀ ਨੀਤੀ ਖ਼ਿਲਾਫ਼ ਜਾਣ ਕਰਕੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਫੋਟੋ ‘ਤੇ ਕਾਮੇਡੀਅਨ ਪੈਟਨ ਓਸਵਾਲਟ ਨੇ ਟਵੀਟ ਕਰਕੇ ਤਨਜ਼ ਕਸਿਆ ਹੈ ਕਿ ਨੰਨ੍ਹੇ ਬੱਚੇ ਨਾਲ ਗਲਵੱਕੜੀ ਪਾ ਕੇ ਬੈਠਣਾ ਵਧੀਆ ਹੈ, ਕਿਉਂਕਿ ਉਹ ਜਾਣਦੇ ਹਨ ਕਿ ਉਹ ਬਾਹਾਂ ‘ਚ ਸੁਰੱਖਿਅਤ ਹਨ। ਲੇਖਕ ਜੌਹਨ ਪਵਲੋਵਿਟਜ਼ ਨੇ ਵਿਅੰਗਾਤਮਕ ਲਹਿਜ਼ੇ ‘ਚ ਕਿਹਾ ਕਿ ਜੇਕਰ ਗੂੰਗੇ-ਬੋਲਿਆਂ ਦੀ ਓਲੰਪਿਕ ਹੁੰਦੀ ਤਾਂ ਇਵਾਂਕਾ ਉਸ ਦੀ ਮਾਈਕਲ ਫੈਲਪਸ ਹੁੰਦੀ। ਕਈ ਹੋਰਾਂ ਨੇ ਵੀ ਸਖ਼ਤ ਟਵੀਟ ਕੀਤੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਪਰਵਾਸੀ ਮਾਪਿਆਂ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰਨ ਦੀ ਸਰਕਾਰ ਨੇ ਨੀਤੀ ਅਪਣਾਈ ਹੋਈ ਹੈ। ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਇਸ ਮਹੀਨੇ ਦੇ ਸ਼ੁਰੂ ‘ਚ ਹੀ ਇਸ ਨੀਤੀ ਦਾ ਐਲਾਨ ਕੀਤਾ ਸੀ ਜਿਸ ਤਹਿਤ ਅਮਰੀਕਾ ‘ਚ ਗ਼ੈਰ-ਕਾਨੂੰਨੀ ਤੌਰ ‘ਤੇ ਦਾਖ਼ਲ ਹੋਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਸਰਹੱਦੀ ਸੁਰੱਖਿਆ ਏਜੰਟਾਂ ਵੱਲੋਂ ਵੱਖ ਕਰ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਬਾਲ ਗ੍ਰਹਿ ‘ਚ ਭੇਜ ਦਿੱਤਾ ਜਾਂਦਾ ਹੈ।