ਕਨਿਸ਼ਕ ਕਾਂਡ : ਇੰਦਰਜੀਤ ਸਿੰਘ ਰਿਆਤ 20 ਸਾਲ ਦੀ ਕੈਦ ਮਗਰੋਂ ਰਿਹਾਅ

0
447

inderjit-singh-reyat
ਇਕ ਸਾਲ ਸੁਧਾਰ ਗ੍ਰਹਿ ਵਿਚ ਕੱਟਿਆ
ਓਟਾਵਾ/ਬਿਊਰੋ ਨਿਊਜ਼ :
1985 ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਵਿਚ ਦੋਸ਼ੀ ਇੰਦਰਜੀਤ ਸਿੰਘ ਰਿਆਤ ਨੂੰ ਕੈਨੇਡਾ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ। ਕੈਨੇਡਾ ਪੈਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ। ਕਾਬਲੇਗੌਰ ਹੈ ਕਿ ਦੋ ਦਹਾਕਿਆਂ ਤੱਕ ਕੈਦ ਕੱਟਣ ਤੋਂ ਬਾਅਦ ਇਕ ਸਾਲ ਪਹਿਲਾਂ ਰਿਹਾਅ ਹੋਣ ਉਪਰੰਤ ਇੰਦਰਜੀਤ ਸਿੰਘ ਰਿਆਤ ਨੂੰ ਇਕ ਹਾਫਵੇਅ ਘਰ (ਸੁਧਾਰ ਗ੍ਰਹਿ) ਵਿਚ ਰਹਿਣ ਦੇ ਹੁਕਮ ਦਿੱਤੇ ਗਏ ਸਨ। ਪੈਰੋਲ ਬੋਰਡ ਦੇ ਬੁਲਾਰੇ ਪੈਟਰਿਕ ਸਟੋਰੇ ਨੇ ਦੱਸਿਆ ਕਿ ਇੰਦਰਜੀਤ ਸਿੰਘ ‘ਤੇ ਲੱਗੀ ਉਕਤ ਸ਼ਰਤ ਨੂੰ ਹੁਣ ਹਟਾ ਲਿਆ ਗਿਆ ਹੈ ਅਤੇ ਹੁਣ ਉਹ ਆਮ ਜ਼ਿੰਦਗੀ ਜੀਅ ਸਕਦਾ ਹੈ ਅਤੇ ਨਿੱਜੀ ਘਰ ਵਿਚ ਰਹਿ ਸਕਦਾ ਹੈ। ਹਾਲਾਂਕਿ ਰਿਹਾਈ ਦੇ ਨਾਲ ਕੁਝ ਸ਼ਰਤਾਂ ਜੁੜੀਆਂ ਹਨ। ਰਿਆਤ ਕਿਸੇ ਵੀ ਸਥਿਤੀ ਵਿਚ ਪੀੜਤ ਪਰਿਵਾਰਾਂ ਨਾਲ ਸੰਪਰਕ ਨਹੀਂ ਕਰੇਗਾ। ਨਾ ਹੀ ਵੱਖਵਾਦੀ ਸੰਗਠਨਾਂ ਦੇ ਸੰਪਰਕ ਵਿਚ ਆਏਗਾ। ਉਹ ਸਿਆਸਤ ਤੋਂ ਦੂਰ ਰਹੇਗਾ ਤੇ ਰੋਜ਼ਾਨਾ ਸਮੇਂ ‘ਤੇ ਕਾਉਂਸਲਿੰਗ ਕਰਵਾਉਂਦਾ ਰਹੇਗਾ। ਦੱਸਣਯੋਗ ਹੈ ਕਿ ਕਨਿਸ਼ਕ ਬੰਬ ਧਮਾਕੇ ਵਿਚ 331 ਲੋਕਾਂ ਦੀ ਮੌਤ ਹੋ ਗਈ ਸੀ।
ਦੋ ਜਹਾਜ਼ਾਂ ਵਿਚ ਰੱਖੇ ਸਨ ਬੰਬ :
ਸਾਕਾ ਨੀਲਾ ਤਾਰਾ ਦੇ ਜਵਾਬ ਵਿਚ ਸਿੱਖ ਵੱਖਵਾਦੀਆਂ ਨੇ ਦੋ ਜਹਾਜ਼ਾਂ ਵਿਚ ਬੰਬ ਰੱਖੇ ਸਨ। ਆਇਰਲੈਂਡ ਕੋਸਟ ਕੋਲ ਹਵਾ ਵਿਚ ਹੀ ਬੰਬ ਫਟਣ ਕਾਰਨ ਕਨਿਸ਼ਕ ਦੇ ਦੋ ਟੁਕੜੇ ਹੋ ਗਏ ਸਨ। ਦੂਸਰੇ ਜਹਾਜ਼ ਵਿਚ ਜਪਾਨ ਦੇ ਨਰੀਤਾ ਏਅਰਪੋਰਟ ‘ਤੇ ਧਮਾਕਾ ਹੋਇਆ ਸੀ। ਇਸ ਵਿਚ ਸਾਮਾਨ ਚੁੱਕਣ ਵਾਲੇ ਦੋ ਕਰਮਚਾਰੀਆਂ ਦੀ ਮੌਤ ਹੋਈ ਸੀ। ਇੰਦਰਜੀਤ ਦੇ ਇਲਾਵਾ ਮਾਮਲੇ ਵਿਚ ਦੋ ਹੋਰ ਮੁਲਜ਼ਮ ਸਨ ਜੋ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ ਸਨ।