ਨਿਊ ਯਾਰਕ : ਪੰਜਾਬਣ ਨੂੰ ਬਲਦੀ ਕਾਰ ‘ਚ ਛੱਡ ਕੇ ਦੌੜਿਆ ਡਰਾਈਵਰ

0
465

harleen-grewal
ਨਿਊ ਯਾਰਕ/ਬਿਊਰੋ ਨਿਊਜ਼ :
ਇਥੇ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਬਾਅਦ ਡਰਾਈਵਰ ਨੇ ਭਾਰਤੀ ਮੂਲ ਦੀ ਮੁਟਿਆਰ ਨੂੰ ਸੜਨ ਲਈ ਇਕੱਲਿਆਂ ਛੱਡ ਦਿੱਤਾ। ਨਿਊ ਯਾਰਕ ਡੇਲੀ ਦੀ ਰਿਪੋਰਟ ਮੁਤਾਬਕ ਅੱਗ ਬੁਝਾਊ ਅਮਲੇ ਨੇ ਸ਼ੁੱਕਰਵਾਰ ਤੜਕੇ 25 ਸਾਲਾ ਹਰਲੀਨ ਗਰੇਵਾਲ ਦੀ ਕਾਰ ਵਿਚੋਂ ਸੜੀ ਹੋਈ ਲਾਸ਼ ਬਰਾਮਦ ਕੀਤੀ। ਸਈਦ ਅਹਿਮਦ (23), ਜਿਸ ਨੂੰ ਅਖ਼ਬਾਰ ਨੇ ‘ਬੇਰਹਿਮ’ ਲਿਖਿਆ ਹੈ, ਨੇ ਆਪਣੀ ਲਗਜ਼ਰੀ ਕਾਰ ‘ਇਨਫਿਨਿਟੀ 35ਜੀ’ ਬਰੂਕਲਿਨ-ਕੁਈਨਜ਼ ਐਕਸਪ੍ਰੈੱਸਵੇਅ ਉਤੇ ਪੱਥਰ ਦੇ ਬੈਰੀਅਰ ਵਿੱਚ ਮਾਰੀ। ਇਸ ਕਾਰਨ ਕਾਰ ਨੂੰ ਅੱਗ ਲੱਗ ਗਈ।
ਰਿਪੋਰਟ ਮੁਤਾਬਕ ਅਹਿਮਦ ਸੜ ਰਹੀ ਕਾਰ ਵਿਚੋਂ ਹਰਲੀਨ ਨੂੰ ਕੱਢਣ ਦੀ ਬਜਾਏ ਟੈਕਸੀ ਕਰਾ ਕੇ ਆਪ  ਹਸਪਤਾਲ ਪਹੁੰਚ ਗਿਆ। ਅੱਗ ਬੁਝਾਊ ਅਮਲੇ ਨੇ ਜਦੋਂ ਅੱਗ ਬੁਝਾਈ ਤਾਂ ਕਾਰ ਦੀ ਮੁਸਾਫ਼ਰ ਸੀਟ ਤੋਂ ਸੜੀ ਹੋਈ ਮੁਟਿਆਰ ਮਿਲੀ। ਪੁਲੀਸ ਨੇ ਦੱਸਿਆ ਕਿ ਜਦੋਂ ਕਾਰ ਸੜ ਰਹੀ ਸੀ ਤਾਂ ਅਹਿਮਦ ਹਸਪਤਾਲ ਚਲਾ ਗਿਆ, ਜਿਥੇ ਉਸ ਦੀਆਂ ਸੜੀਆਂ ਲੱਤਾਂ ਤੇ ਬਾਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਉਸ ਨੂੰ ਹਸਪਤਾਲ ਕਾਬੂ ਕਰਕੇ ਉਸ ਖ਼ਿਲਾਫ਼ ਕਤਲ, ਅਪਰਾਧਕ ਅਣਗਹਿਲੀ, ਦੁਰਘਟਨਾ ਸਥਾਨ ਤੋਂ ਫਰਾਰ ਹੋਣ, ਤੇਜ਼ ਰਫ਼ਤਾਰ ਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਫਲੈਟਲੈਂਡਜ਼ ਵਾਸੀ ਅਹਿਮਦ ਨੇ ਮੰਨਿਆ ਕਿ ਹਾਦਸੇ ਤੋਂ ਪਹਿਲਾਂ ਉਸ ਨੇ ਸ਼ਰਾਬ ਪੀਤੀ ਸੀ ਪਰ ਹਸਪਤਾਲ ਵਿੱਚ ਖੂਨ ਦੇ ਨਮੂਨੇ ਵਿਚ ਅਲਕੋਹਲ ਦੀ ਮਾਤਰਾ ਕਾਨੂੰਨੀ ਤੌਰ ‘ਤੇ ਤੈਅ ਮਾਪਦੰਡਾਂ ਤੋਂ ਵੱਧ ਨਹੀਂ ਆਈ। ਇਸ ਹਾਦਸੇ ਤੋਂ ਪਹਿਲਾਂ ਹੀ ਅਹਿਮਦ ਦਾ ਡਰਾਈਵਿੰਗ ਲਾਈਸੈਂਸ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦਾ ਕਾਰ ਚਲਾਉਣਾ ਵੀ ਗ਼ੈਰ-ਕਾਨੂੰਨੀ ਸੀ। ਹਰਲੀਨ ਕੌਰ ਉਸ ਦੀ ਦੋਸਤ ਸੀ, ਫ਼ਿਰ ਵੀ ਅਹਿਮਦ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅਹਿਮਦ ਦੇ ਭਰਾ ਵਹੀਦ ਨੇ ਦਾਅਵਾ ਕੀਤਾ ਕਿ ਉਸ ਦੇ ਭਰਾ ਨੇ ਸਵਾਰੀ ਨੂੰ ਬਚਾਉਣ ਦਾ ਯਤਨ ਕੀਤਾ ਸੀ। ਉਹ ਕਾਰ ਵਿੱਚ ਫਸ ਗਈ ਸੀ ਅਤੇ ਉਸ ਨੇ ਮੁਟਿਆਰ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਸੀ, ਜਿਸ ਕਾਰਨ ਉਸ ਦੀਆਂ ਬਾਹਾਂ ਸੜੀਆਂ ਹਨ। ਹਰਲੀਨ ਗਰੇਵਾਲ ਦੇ ਦੋਸਤ ਕਰਨ ਸਿੰਘ ਢਿੱਲੋਂ, ਜੋ ਕੇਟਰਿੰਗ ਕੰਪਨੀ ਲਈ ਕੰਮ ਕਰਦਾ ਹੈ, ਨੇ ਕਿਹਾ, ‘ਉਹ ਬਹੁਤ ਚੰਗੀ ਇਨਸਾਨ ਸੀ, ਜੋ ਹਮੇਸ਼ਾ ਦੂਜਿਆਂ ਦਾ ਖਿਆਲ ਰੱਖਦੀ ਸੀ। ਉਹ ਲੋਕਾਂ ਲਈ ਕੁੱਝ ਵੀ ਕਰ ਸਕਦੀ ਸੀ।’