ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ

0
113

e
ਡੈਲਸ,ਟੈਕਸਸ/ਹਰਜੀਤ ਸਿੰਘ ਢੇਸੀ:
ਸਥਾਨਕ ਗੁਰਦੁਅਰਾ ਸਿੱਖ ਟੈਂਪਲ ਗਾਰਲੈਂਡ ਵਿਖੇ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬੀਤੇ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਐਤਵਾਰ ਨੂੰ ਭੋਗ ਪਾਏ ਗਏ, ਜਿਸ ਦੀ ਸੇਵਾ ਰੰਧਾਵਾ ਪਰਿਵਾਰ ਵਲੋਂ ਕਰਵਾਈ ਗਈ। ਤਿੰਨੇ ਦਿਨ ਰੱਬੀ ਬਾਣੀ ਦਾ ਪਰਵਾਹ ਚੱਲਿਆ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂਘਰ ਦੀ ਪਰਿਕਰਮਾ ਕੀਤੀ ਗਈ ਅਤੇ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਵੀ ਰੰਧਾਵਾ ਪਰਿਵਾਰ ਵਲੋਂ ਕਰਵਾਈ ਗਈ। ਕੀਰਤਨ ਦੀਵਾਨ ਸਜਾਏ ਗਏ ਅਤੇ ਬਿਲਗੇ ਵਾਲਿਆਂ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਅਤੇ ਜੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਨੇ ਗੁਰੂਜਸ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ।
ਗੁਰੂ ਘਰ ਦੇ ਸਕੱਤਰ ਹਰਜੀਤ ਸਿੰਘ ਰੰਧਾਵਾ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਨੇ ਤੱਤੀ ਤਵੀ ਉੱਤੇ ਬੈਠ ਕੇ ਅਤੇ ਦੇਗ਼ਾਂ ਵਿਚ ਉਬਾਲੇ ਖਾ ਕੇ ਸ਼ਾਂਤਮਈ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਿੱਖ ਧਰਮ ਵਿਚ ਹੱਕ ਸੱਚ ਲਈ ਸ਼ਹੀਦੀ ਪਾਉਣ ਦੀ ਰੀਤ ਚਲਾਈ।
ਭਾਈ ਮਨਜੀਤ ਸਿੰਘ ਸੰਧੂ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਨਿ ਕੋਟ ਪ੍ਰਣਾਮ ਕੀਤਾ।