ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ ਕਰਨ ਵਾਲੇ ਨੇ ਕਿਹਾ : ਮੈਨੂੰ ਪਗੜੀਧਾਰੀਆਂ ਨਾਲ ਹੈ ਨਫ਼ਰਤ

0
257

gurjeet-singh-america
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿੱਚ ਊਬਰ ਟੈਕਸੀ ਸਰਵਿਸ ਦਾ ਇਕ ਸਿੱਖ ਡਰਾਈਵਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਗੁਰਜੀਤ ਸਿੰਘ ਨੂੰ ਇਕ ਮੁਸਾਫ਼ਰ ਨੇ ਬੰਦੂਕ ਦਿਖਾ ਕੇ ਬੰਧਕ ਬਣਾ ਕੇ ਨਸਲੀ ਸਵਾਲ ਪੁੱਛੇ ਤੇ ਕਿਹਾ, ”ਮੈਂ ਪਗੜੀਧਾਰੀਆਂ ਨੂੰ ਨਫ਼ਰਤ ਕਰਦਾ ਹਾਂ।”
ਰੋਜ਼ਨਾਮਾ ‘ਵਾਸ਼ਿੰਗਟਨ ਪੋਸਟ’ ਮੁਤਾਬਕ ਗੁਰਜੀਤ ਸਿੰਘ ਨੇ ਬੀਤੀ 29 ਜਨਵਰੀ ਨੂੰ ਪੁਲੀਸ ਕੋਲ ਘਟਨਾ ਬਾਰੇ ਸ਼ਿਕਾਇਤ ਦਿੱਤੀ ਸੀ ਅਤੇ ਇਲੀਨੌਇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਸਿੱਖ ਭਾਈਚਾਰੇ ਨਾਲ ਸਬੰਧਤ ਸੰਸਥਾ ਸਿੱਖ ਕੁਲੀਸ਼ਨ ਨੇ ਕਿਹਾ ਕਿ ਹਮਲਾਵਰ ਨੇ ਗੁਰਜੀਤ ਦੇ ਸਿਰ ‘ਤੇ ਬੰਦੂਕ ਰੱਖ ਕੇ ਕਿਹਾ ”ਮੈਂ ਪਗੜੀਧਾਰੀਆਂ ਨੂੰ ਨਫ਼ਰਤ ਕਰਦਾ ਹਾਂ। ਮੈਂ ਦਾਹੜੀ ਵਾਲਿਆਂ ਨੂੰ ਨਫ਼ਰਤ ਕਰਦਾ ਹਾਂ।”
ਸੰਸਥਾ ਦੇ ਆਗੂਆਂ ਨੇ ਇਲੀਨੋਇ ਸੂਬੇ ਦੀ ਰੌਕ ਆਈਲੈਂਡ ਕਾਊਂਟੀ ਦੇ ਸ਼ੈਰਿਫ਼ ਗੈਰੀ ਬਸਟੋਸ ਨੂੰ ਮਿਲ ਕੇ ਹਮਲਾਵਰ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ‘ਤੇ ਰੋਸ ਜ਼ਾਹਰ ਕੀਤਾ। ਸ੍ਰੀ ਬਸਟੋਸ ਨੇ ਅਖ਼ਬਾਰ ਨਾਲ ਗੱਲ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਮੁਲਜ਼ਮ ਖ਼ਿਲਾਫ਼ ਛੇਤੀ ਹੀ ਕੇਸ ਦਰਜ ਕਰ ਲਿਆ ਜਾਵੇਗਾ।