ਸਾਹਿਬ -ਏ-ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

0
460

2018-01-08-photo-00000014
ਮਿਲਪੀਟਸ/ਬਿਊਰੋ ਨਿਊਜ਼:
ਮਿਲਪੀਟਸ ਦੀਆਂ ਸਮੂਹ ਸੰਗਤਾਂ ਵਲੋਂ ਸਾਹਿਬ-ਏ-ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 351ਵਾਂ ਆਗਮਨ ਗੁਰਪੁਰਬ ਮੂਲ ਨਾਨਕ ਸ਼ਾਹੀ ਕੈਲੰਡਰ 2003 ਅਨੁਸਾਰ ਭਾਰੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਵਾਲੀਆਂ ਬੀਬੀਆਂ ਵਲੋਂ ਅਰੰਭੇ ਸ੍ਰੀ ਸਹਿਜ ਪਾਠ ਦੇ ਭੋਗ ਤੋਂ ਬਾਅਦ ਖਾਲਸਾ ਸਕੂਲ ਦੇ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਦੀ ਆਰੰਭਤਾ ਕੀਤੀ ਗਈ ਜਿਸ ਵਿੱਚ ਗੁਰੂ ਸਾਹਿਬ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਗਿਆ ।
ਪੰਥ ਪ੍ਰਸਿੱਧ ਕੀਰਤਨੀਏ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਡਾ ਗੁਰਨਾਮ ਸਿੰਘ ਜੀ ਵਲੋਂ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਗਾਇਨ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਵਾਲੀਆਂ ਬੀਬੀਆਂ ਵਲੋਂ ਵੀ ਗੁਰੂ ਸਾਹਿਬ ਦੀ ਆਮਦ ਦੇ ਮੌਕੇ ਤੇ ਗੁਰੂ ਸਾਹਿਬ ਦੀ ਉਸਤਤ ਵਿੱਚ ਕਵਿਤਾਵਾਂ ਰਾਹੀਂ ਕੀਰਤਨ ਦਰਬਾਰ ਦੀ ਸ਼ੋਭਾ ਵਧਾਈ ਗਈ।
ਅੰਤ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਬੀਬੀ ਚੰਚਲਦੀਪ ਕੌਰ ਦੇ ਢਾਢੀ ਜੱਥੇ ਨੇ ਗੁਰੂ ਸਾਹਿਬ ਦੀ ਜਨਮ ਸਾਖੀ ਤੇ ਵਿਸਤਾਰ ਨਾਲ ਚਾਨਣਾ ਪਾਇਆ। ਬੀਬੀ ਜੀ ਨੇ ਸਮੂਹ ਸੰਗਤ ਨੂੰ ਅਪਣੇ ਬੱਚਿਆਂ ਪ੍ਰਤੀ ਫਰਜ ਨਿਭਾਉਣ ਦੀ ਬੇਨਤੀ ਵੀ ਕੀਤੀ।
ਅਮੈਰਿਕਨ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਅਪਣੇ ਧਾਰਮਿਕ ਦਿਨ ਮੂਲ ਨਾਨਕ ਸ਼ਾਹੀ ਕੈਲੰਡਰ 2003 ਅਨੁਸਾਰ ਮਨਾਉਣ ਦੇ ਉਪਰਾਲੇ ਕਰੀਏ ਕਿਉਂਕਿ ਪੰਥ ਦੋਖੀਆਂ ਵਲੋਂ ਕਥਿਤ ਤੋਰ ਤੇ ਥੋਪੇ ਗਏ ਬਿਕ੍ਰਮੀ ਕੈਲੰਡਰ ਦੇ ਨਾਮ ਦੇ ਸਿੱਖ ਕੌਮ ਨੂੰ ਹਿੰਦੂਵਾਦ ਦੇ ਗਲਬੇ ਵਿੱਚ ਧੱਕਿਆ ਜਾ ਰਿਹਾ ਹੈ ਅਤੇ ਇਹ ਕੈਲੰਡਰ ਸਿੱਖਾਂ ਦੀ ਅਪਣੀ ਹੋਂਦ ਨੂੰ ਦਰਸ਼ਾਂਦਾ ਹੈ, ਜਦੋਂ ਤੋਂ ਇਸ ਗੁਰੂ ਘਰ ਦੀ ਸਥਾਪਨਾ ਹੋਈ ਹੈ ਇਥੋਂ ਦੀਆਂ ਸੰਗਤਾਂ ਵਲੋਂ ਇਸ ਕੈਲੰਡਰ ਦੇ ਅਨੁਸਾਰ ਹੀ ਸਾਰੇ ਦਿਨ ਮਨਾਏ ਜਾਂਦੇ ਹਨ ।
ਅਮੈਰਿਕਨ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਵੀ ਸੰਗਤਾਂ ਨੂੰ ਮੂਲ ਨਾਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਦਿਨ ਮਨਾਉਣ ਦੀ ਬੇਨਤੀ ਕੀਤੀ। ਅੰਤ ਵਿੱਚ ਸਰਬਤ ਦੇ ਭਲੇ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਤੁਟ ਵਰਤੇ।