ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ

0
402

20171021_190021_hdr
ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵਿਖੇ ਅਖੰਡ ਪਾਠ ਸਾਹਿਬ ਤੇ ਭਾਰੀ ਦੀਵਾਨ ਸਜਾਏ
ਸਿਆਟਲ/ਬਿਊਰੋ ਨਿਊਜ਼
ਬਾਬਾ ਬੁੱਢਾ ਜੀ ਐਸੋਸੀਏਸ਼ਨ ਸਿਆਟਲ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੂਰੇ ਚਾਓ ਤੇ ਉਮਾਓ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਅਖੰਡ ਪਾਠ ਸਾਹਿਬ ਕਰਵਾਏ ਗਏ ਅਤੇ ਭਾਰੀ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿਚ ਭਾਈ ਜਰਨੈਲ ਸਿੰਘ ਜੀ ਲੁਧਿਆਣਾ ਵਾਲੇ, ਭਾਈ ਬਰਿਆਮ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ ਦੇ ਜਥਿਆਂ ਅਤੇ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਕਥਾਵਾਚਕ ਗਿਆਨੀ ਸ਼ੇਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਸਿਆਟਲ ਅਤੇ ਗਿਆਨੀ ਹਰਦੇਵ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸੀਸ ਗੰਜ ਸਾਹਿਬ ਵਾਲਿਆਂ ਗੁਰਬਾਣੀ ਕਥਾ ਅਤੇ ਸਿੱਖੀ ਦੇ ਸੁਨਹਿਰੀ ਇਤਿਹਾਸ ਤੇ ਚਾਨਣਾ ਪਾਇਆ।
ਇਸ ਮੌਕੇ ਹਰਨਾਮ ਸਿੰਘ ਅਤੇ ਗੁਰਦੀਪ ਸਿੰਘ ਸਿੱਧੂ ਹੁਰਾਂ ਨੇ ਬਾਬਾ ਬੁੱਢਾ ਜੀ ਐਸੋਸੀਏਸ਼ਨ ਸਿਆਟਲ ਦੀ ਤਰਫੋਂ ਜਿੱਥੇ ਬਾਬਾ ਜੀ ਦੇ ਜੀਵਨ ਅਤੇ ਸੇਵਾਵਾਂ ਦਾ ਜ਼ਿਕਰ ਬੜੇ ਤੋਲਵੇਂ ਸ਼ਬਦਾਂ ਵਿਚ ਕੀਤਾ ਉੱਥੇ ਸਾਰੀ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਅਵਤਾਰ ਸਿੰਘ ਆਦਮਪੁਰੀ ਨੇ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ ਇੱਕ ਗੀਤ ਤਰੰਨਮ ਵਿਚ ਗਾਇਆ ਅਤੇ ਸਟੇਜ ਦਾ ਸੰਚਾਲਨ ਕੀਤਾ।
ਸ਼ਨਿਚਰਵਾਰ ਸ਼ਾਮ ਦੇ ਦੀਵਾਨ ਵਿਚ ਵਿਸ਼ੇਸ਼ ਤੌਰ ਤੇ ਪਹੰਚੇ ਸਰਦਾਰ ਸੰਦੀਪ ਸਿੰਘ ਧਾਰੀਵਾ, ਜੋ ਅਮਰੀਕਾ ਦੇ ਸੂਬੇ ਟੈਕਸਾਸ ਵਿਚ ਪੁਲਿਸ ਡਿਪਾਰਟਮੈਂਟ ਵਿਚ ਡਿਪਟੀ ਸ਼ੈਰਿਫ ਹਨ ਅਤੇ ਯੂਨਾਈਟਿਡ ਸਿਖਸ ਜਥੇਬੰਦੀ ਨਾਲ ਵਲੰਟੀਅਰ ਦੇ ਤੌਰ ਤੇ ਸੇਵਾ ਵੀ ਕਰਦੇ ਹਨ, ਉਨ੍ਹਾਂ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਟੈਕਸਾਸ ਪੁਲਿਸ ਡਿਪਾਰਟਮੈਂਟ ਵਲੋਂ ਸਿਆਟਲ ਦੀਆਂ ਸੰਗਤਾਂ ਦਾ ਧੰਨਵਾਦ ਕਰਨ ਲਈ ਘੱਲੇ ਗਏ ਹਨ। ਜੋ ਸਹਾਇਤਾ ਸਿਆਟਲ ਦੀ ਤਰਫੋਂ ਲੋੜਵੰਦਾਂ ਦੇ ਲੰਗਰ ਅਤੇ ਹੋਰ ਲੋੜੀਦੀਆਂ ਵਸਤਾਂ ਵੰਡਣ ਦੀ ਸੇਵਾ ਕੀਤੀ ਗਈ ਉਸਦੇ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਟੈਕਸਾਸ ਪੁਲਿਸ ਡਿਪਾਰਟਮੈਂਟ ਵਿਚ ਸਿੱਖਾਂ ਦੀ ਹੀ ਸ਼ਲਾਘਾ ਹੋ ਰਹੀ ਹੈ। ਸੱਭ ਤੋਂ ਵੱਧ ਵਲੰਟੀਅਰ, ਸਮਾਨ ਅਤੇ ਪੈਸਾ ਇੱਥੋਂ ਹੀ ਗਏ ਹਨ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸਿਰੋਪਾਓ ਵੀ ਦਿੱਤਾ ਗਿਆ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵਿਖੇ ਬਾਬਾ ਬੁੱਢਾ ਜੀ ਐਸੋਸੀਏਸ਼ਨ ਸਿਆਟਲ ਵਲੋਂ ਬੀਬੀ ਸਤਿੰਦਰ ਕੌਰ ਚਾਵਲਾ ਦੇ ਸਹਿਯੋਗ ਨਾਲ 110 ਲੋਕਾਂ ਨੂੰ ਫਲੂ ਸ਼ੌਟ ਲਗਾਏ ਗਏ। ਚਾਵਲਾ ਪਰਿਵਾਰ, ਜੋ ਹਮੇਸ਼ਾਂ ਹੀ ਸੇਵਾ ਲਈ ਤਤਪਰ ਰਹਿੰਦਾ ਹੈ, ਦੀਆਂ ਸੇਵਾਵਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।