ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਨਵੁੱਡ ਇੰਡਿਆਨਾ ਵਿਖੇ ਮਹਾਨ ਗੁਰਮਤਿ ਸਮਾਗਮ ਭਾਰੀ ਉਤਸ਼ਾਹ ਨਾਲ ਕਰਵਾਇਆ

0
783

gurdwara-greenwood
ਸ਼ਿਕਾਗੋ/ਮੱਖਣ ਸਿੰਘ ਕਲੇਰ:
ਇੰਡੀਆਨਾ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਨਵੁੱਡ ਦੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਅਤੇ ਦੂਸਰੇ ਗੁਰੂਘਰਾਂ ਦੇ ਸਹਿਯੋਗ ਨਾਲ 19, 20 ਅਤੇ 21 ਮਈ ਨੂੰ ਇਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਥ ਦੇ ਮਹਾਨ ਕੀਰਤਨੀਏ, ਕਥਾ ਵਾਚਕ ਤੇ ਕਵੀਸ਼ਰੀ ਜਥੇ ਪਹੁੰਚੇ। ਇਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਭਾਈ ਬਲਦੇਵ ਸਿੰਘ ਜੀ ਵਡਾਲਾ, ਭਾਈ ਨਿਰਮਲ ਸਿੰਘ ਜੀ, ਭਾਈ ਸੁੱਖਾ ਸਿੰਘ ਯੂ ਕੇ ਵਾਲੇ, ਭਾਈ ਬਲਜੀਤ ਸਿੰਘ ਜੀ ਕੈਨੇਡਾ, ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਅਤੇ ਭਾਈ ਗੁਰਤੇਗ ਸਿੰਘ ਜੀ ਦੇ ਜਥਿਆਂ ਵੱਲੋਂ ਤਿੰਨੋਂ ਦਿਨ ਹਾਜ਼ਰੀਆਂ ਭਰੀਆਂ ਗਈਆਂ। ਸੰਗਤਾਂ ਨੂੰ ਤਿੰਨੋਂ ਦਿਨ ਇਲਾਹੀ ਬਾਣੀ ਦੇ ਨਾਲ ਜੋੜਿਆ। ਪੰਥ ਦੇ ਮਹਾਨ ਕੀਰਤਨੀ ਜਥਿਆਂ ਵੱਲੋਂ ਧੁਰ ਕੀ ਬਾਣੀ ਦੇ ਕੀਰਤਨ ਗਾਇਨ ਕੀਤੇ ਗਏ ਅਤੇ ਪ੍ਰਸਿੱਧ ਕਥਾ ਵਾਚਕਾਂ ਵੱਲੋਂ ਗੁਰਬਾਣੀ ਸ਼ਬਦ ਵਿਚਾਰ ਤੇ ਸਿੱਖ ਇਤਿਹਾਸ ਦੀ ਵਿਆਖਿਆ ਕੀਤੀ ਗਈ।  ਕਵੀਸ਼ਰੀ ਜਥੇ ਵੱਲੋਂ ਗੁਰੂ ਇਤਿਹਾਸ, ਸਿੱਖ ਇਤਿਹਾਸ ਤੇ ਅਜੋਕੇ ਸਮੇਂ ਦੇ ਸੰਘਰਸ਼ ਸ਼ੀਲ ਯੋਧਿਆਂ ਦੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਸੱਜਣਾਂ ਵੱਲੋਂ ਇਹ ਗੁਰਮਤਿ ਸਮਾਗਮ ਕਰਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸੰਗਤਾਂ ਤੋਂ ਵਾਹ ਵਾਹ ਖੱਟੀ ਹੈ। ਇਹ ਬਹੁਤ ਵਧੀਆ ਉਪਰਾਲਾ ਸੀ। ਇਸ ਸਮਾਗਮ ਵਿਚ ਇੰਡਿਆਨਾ ਸਟੇਟ ਦੀਆਂ ਸੰਗਤਾਂ ਤੋਂ ਇਲਾਵਾ ਸ਼ਿਕਾਗੋ, ਮਿਸ਼ੀਗਨ ਤੇ ਉਹਾਇਉ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ।
ਇਸ ਕੀਰਤਨ ਸਮਾਗਮ ਵਿਚ ਨੌਜਵਾਨਾਂ ਦੀ ਵਿਸ਼ੇਸ਼ ਤੌਰ ਤੇ ਅਹਿਮ ਭੂਮਿਕਾ ਰਹੀ ਹੈ। ਇਹ ਨੌਜਵਾਨ ਸੇਵਾਦਾਰ ਪੂਰੇ ਖਾਲਸਾਈ ਬਾਣਿਆਂ ਵਿਚ ਸਜੇ ਹੋਏ ਸਨ। ਇਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਤੇ ਹਾਜ਼ਰੀਆਂ ਭਰ ਰਹੇ ਹੋਈਏ। ਇਨ੍ਹਾਂ ਨੌਜਵਾਨਾਂ ਵਿਚ ਬਹੁਤੇ ਬਾਹਰਲੇ ਦੇਸ਼ਾਂ ਦੇ ਜੰਮਪਾਲ ਸਨ। ਪੂਰੇ ਜਾਹੋ ਜਲਾਲ ਵਿਚ ਨੀਲੇ ਚੋਲੇ ਗੋਲ ਦਸਤਾਰੇ ਪੂਰੇ ਸ਼ਸ਼ਤਰ ਸਜਾਏ ਹੋਏ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਦੇ ਭੁਲੇਖੇ ਪਾਉਂਦੇ ਸਨ। ਬਸ ਇਕ ਘੋੜਿਆਂ ਦੀ ਘਾਟ ਹੀ ਨਜ਼ਰ ਆ ਰਹੀ ਸੀ।
ਇਸ ਤਿੰਨ ਰੋਜ਼ਾ ਕੀਰਤਨ, ਸਮਾਗਮ ਵਿਚ ਭਾਈ ਹਰਨਾਮ ਸਿੰਘ ਵਿਸ਼ੇਸ਼ ਤੌਰ ਤੇ ਬੇਸਕ ਆਫ਼ ਸਿੱਖੀ ਵੱਲੋਂ ਯੂਥ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ। ਭਾਈ ਹਰਨਾਮ ਸਿੰਘ ਨੇ ਇਕ ਹਫ਼ਤਾ ਲਗਾਤਾਰ ਨੌਜਵਾਨਾਂ ਦੇ ਵੱਖ ਵੱਖ ਗਰੁੱਪ ਬਣਾ ਕੇ ਕੈਂਪ ਦੇ ਤੌਰ ਤੇ ਜਾਣਕਾਰੀ ਦਿੱਤੀ। ਭਾਈ ਹਰਨਾਮ ਸਿੰਘ, ਜਿਨ੍ਹਾਂ ਦੀ ਉਮਰ ਸਿਰਫ਼ 22 ਸਾਲਾਂ ਦੀ ਹੈ, ਨੌਜਵਾਨਾਂ ਵਿਚ ਖਿਚ ਦਾ ਕੇਂਦਰ ਰਹੇ। ਨੌਜਵਾਨ ਉਨ੍ਹਾਂ ਦੇ ਪ੍ਰਚਾਰ ਤੋਂ ਬਹੁਤ ਪ੍ਰਭਾਵਤ ਹੋਏ।
ਗੁਰਦੁਆਰਾ ਸਾਹਿਬ ਵਿਖੇ ਇਸ ਮਹਾਨ ਗੁਰਮਤਿ ਸਮਾਗਮ ਵਿਚ ਸੇਵਾਦਾਰਾਂ ਨੇ ਤਨ, ਮਨ ਤੇ ਧਨ ਦੇ ਨਾਲ ਸੇਵਾਵਾਂ ਨਿਵਾਈਆਂ। ਜਿਨ੍ਹਾਂ ਵਿਚੋਂ ਵਿਸ਼ੇਸ਼ ਤੌਰ ਤੇ ਦੀਵਾਨ ਹਾਲ ਵਿਚ, ਜੋੜਾ ਘਰ ਵਿਚ, ਲੰਗਰ ਹਾਲ ਵਿਚ, ਕਾਰਾਂ ਦੀ ਪਾਰਕਿੰਗ ਵਿਚ, ਵਿਸ਼ੇਸ਼ ਤੌਰ ਤੇ ਸੰਗਤਾਂ ਵਾਸਤੇ ਕਈ ਪ੍ਰਕਾਰ ਦੇ ਖਾਣੇ ਤਿਆਰ ਕਰਨ ਵਾਲੇ ਵੀਰਾਂ ਦੀਆਂ ਵਿਸ਼ੇਸ਼ ਸੇਵਾਵਾਂ ਰਹੀਆਂ। ਐਤਵਾਰ ਦੇ ਦੀਵਾਨ ਤੰਬੂ ਲਗਾ ਕੇ ਬਾਹਰ ਖੁੱਲੇ ਮੈਦਾਨ ਵਿਚ ਸਜਾਏ ਹੋਏ ਸਨ। ਗੁਰੂ ਸਾਹਿਬ ਜੀ ਦੀ ਪਾਲਕੀ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਈ ਹੋਈ ਸੀ। ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ। ਇਹ ਸਮਾਗਮ ਖਾਲਸੇ ਦੀ ਸਾਜਨਾਂ ਦਿਵਸ ਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਨ। ਇਨ੍ਹਾਂ ਸਮਾਗਮਾਂ ਵਿਚ ਸਿੱਖ ਯੂਥ ਆਫ ਇੰਡਿਆਨਾ ਦੀ ਅਹਿਮ ਭੂਮਿਕਾ ਰਹੀ। ਸਟੇਜ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਨੇ ਬਾਖੂਬੀ ਨਿਵਾਈ। ਭਾਈ ਬਲਜੀਤ ਸਿੰਘ ਜੋ ਕਿ ਬਹੁਤ ਹੀ ਸੇਵਾ ਭਾਵਨਾ ਵਾਲਾ ਨੌਜਵਾਨ ਹੈ ਉਸ ਨੇ ਇਸ ਸਮਾਗਮ ਵਿਚ ਦਿਨ ਰਾਤ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ, ਭਾਈ ਜਸਦੀਪ ਸਿੰਘ ਚੇਅਰਮੈਨ ਤੇ ਭਾਈ ਪਰਮਦੀਪ ਸਿੰਘ ਵਾਇਸ ਚੇਅਰਮੈਨ ਵਲੋਂ ਸਮੂਹ ਜਥਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਸੰਗਤਾਂ ਨੂੰ ਤਿੰਨ ਦਿਨ ਲਗਾਤਾਰ ਗੁਰਬਾਣੀ ਸਰਵਣ ਕਰਵਾਈ। ਉਨ੍ਹਾਂ ਨੇ ਗੁਰੂ ਦੀਆਂ ਸੰਗਤਾਂ ਦਾ ਤੇ ਸਮੂਹ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਹਰ ਪੱਖੋ ਉਨ੍ਹਾਂ ਨੂੰ ਸਹਿਯੋਗ ਦਿੱਤਾ। ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਤਿੰਨੋ ਦਿਨ ਸੰਗਤਾਂ ਦੀ ਹਰ ਤਰ੍ਹਾਂ ਦੀ ਸੇਵਾ ਕੀਤੀ ਤੇ ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਅਖੀਰ ਵਿਚ ਉਨ੍ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਜਿਨ੍ਹਾਂ ਦੇ ਓਟ ਆਸਰੇ ਇਹ ਸਮਾਗਮ ਸੰਪੂਰਨ ਹੋਏ ਹਨ।