ਨਵੇਂ ਵ੍ਹਰੇ ਦੀ ਆਮਦ ‘ਤੇ ਗੁਰੂ ਘਰ ਮਿਲਪੀਟਸ ਬੇ ਏਰੀਆ ਵਿਖੇ ਸਜੇ ਵਿਸ਼ੇਸ਼ ਕੀਰਤਨ ਦਰਬਾਰ

0
659

2
ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸਾਲ 2017 ਨੂੰ ਜੀ ਆਇਆਂ ਆਖਦਿਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ। ਅੰਮ੍ਰਿਤ ਵੇਲੇ ਸਜੇ ਕੀਰਤਨ ਦਰਬਾਰ ਤੋਂ ਬਾਅਦ ਸ਼ਾਮ 2016 ਦੀ ਪੂਰਵ ਸੰਧਿਆ ਤੋਂ ਆਰੰਭ ਹੋਏ ਦੀਵਾਨ ਰਾਤ 12:੦੦ ਵਜੇ ਤੱਕ ਜਾਰੀ ਰਹੇ। ਕੀਰਤਨ ਦਰਬਾਰ ਦੀ ਆਰੰਭਤਾ ਸ. ਜਸਵੰਤ ਸਿੰਘ ਹੋਠੀ ਅਤੇ ਪਰਿਵਾਰ ਵਲੋਂ ਕਰਵਾਈ ਗਈ। ਪੰਥ ਦੀ ਚੜ੍ਹਦੀਕਲਾ ਅਤੇ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਆਰੰਭੇ ਸ੍ਰੀ ਸਹਿਜਪਾਠ ਦੀ ਸਮਾਪਤੀ ਤੋਂ ਬਾਅਦ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਬੱਚਿਆਂ ਨੇ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦਾ ਗਾਇਨ ਕੀਤਾ। ਇਸ ਮਗਰੋਂ ਭਾਈ ਅਮ੍ਰਿਤਪਾਲ ਸਿੰਘ ਸੰਗਰੂਰ ਵਾਲਿਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਭਾਈ ਦਿਲਬਾਗ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਜੀ ਦਮਦਮੀ ਟਕਸਾਲ ਫਰੀਮੌਂਟ ਵਾਲਿਆਂ ਨੇ ਵੀ ਇਕ ਘੰਟੇ ਲਈ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਡਾ. ਭਾਈ ਰਵਿੰਦਰ ਸਿੰਘ ਜੀ, ਭਾਈ ਸੁਖਦੇਵ ਸਿੰਘ ਜੀ ਅਤੇ ਭਾਈ ਰਾਜਵਿੰਦਰ ਸਿੰਘ ਹਜ਼ੂਰੀ ਜਥਾ ਗੁਰਦੁਆਰਾ ਸਾਹਿਬ ਨੇ ਵੀ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਗਵਾਈ। ਅੰਤ ਵਿੱਚ ਭਾਈ ਗੁਰਮੀਤ ਸਿੰਘ ਜੰਮੂ ਵਾਲਿਆਂ ਦੇ ਰਾਗੀ ਜੱਥੇ ਨੇ ਨਵੇਂ ਸਾਲ ਦੀ ਆਮਦ ਤੱਕ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨਾਲ ਸਾਂਝ ਬਣਾਈ। ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੰਗਤੀ ਰੂਪ ਵਿੱਚ ਮੂਲ ਮੰਤਰ ਦੇ ਪਾਠ ਕੀਤੇ ਗਏ ਅਤੇ ਸੰਗਤਾਂ ਨੇ ਕੌਮੀ ਜੈਕਾਰਿਆਂ ਨਾਲ ਨਵੇਂ ਵ੍ਹਰੇ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਸ. ਗੁਰਜੀਤ ਸਿੰਘ ਹੋਠੀ ਅਤੇ ਸ. ਸੂਗੀਤ ਸਿੰਘ ਜੀ ਨੂੰ ਗੁਰੂ ਘਰ ਵਲੋਂ ਸਿਰੋਪਾਓ ਦੀ ਬਖਸ਼ਿਸ਼ ਦਿੱਤੀ ਗਈ। ਸ. ਜਸਵੰਤ ਸਿੰਘ ਹੋਠੀ ਵਲੋਂ ਸਮੂਹ ਸੰਗਤਾਂ ਦਾ ਗੁਰੂ ਘਰ ਆਉਣ ‘ਤੇ ਧੰਨਵਾਦ ਕੀਤਾ ਗਿਆ ਅਤੇ ਨਵੇਂ ਵ੍ਹਰੇ ਵਿੱਚ ਪੰਥ ਵਾਸਤੇ ਕੁੱਝ ਚੰਗਾ ਕਰਨ ਲਈ ਅਪੀਲ ਵੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਭਾਈ ਕਮਲਜੀਤ ਸਿੰਘ ਵਲੋਂ ਨਿਭਾਈ ਗਈ, ਜਿਨ੍ਹਾਂ ਨੇ ਸੰਗਤਾਂ ਨੂੰ ਸਿੱਖ ਧਰਮ ਦਾ ਅਸਲੀ ਵਰ੍ਹਾ ਚੇਤ ਮਹੀਨੇ ਦੀ ਸੰਗਰਾਂਦ ਤੋਂ ਇਸੇ ਤਰ੍ਹਾਂ ਮਨਾਉਣ ਲਈ ਬੇਨਤੀ ਕੀਤੀ। ਅੰਤ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਹੋਈ ਅਤੇ ਸੰਗਤਾਂ ਨੇ ਗੁਰੂ ਕਾ ਲੰਗਰ ਰਲ਼ ਮਿਲ ਕੇ ਛਕਿਆ।