ਸਿੱਖਾਂ ਨੂੰ ਦਸਤਾਰ ਪਹਿਨਣ ਅਤੇ ਲੋਹ ਟੋਪ ਤੋਂ ਛੋਟ ਦਿਵਾਉਣ ਬਦਲੇ ਕਮਿਸ਼ਨਰ ਫਰੈਂਕ ਅਵੀਲਾ ਦਾ ਪੈਲਾਟਾਇਨ ਗੁਰੂ ਘਰ ਵਿਖੇ ਸਨਮਾਨ

0
403

frank-avila_-honored
ਸ਼ਿਕਾਗੋ/ਬਿਊਰੋ ਨਿਊਜ਼:
ਗਰੇਟਰ ਸ਼ਿਕਾਗੋ ਡਿਸਟਰਿਕ ਦੇ ਮੈਟਰੋਪੋਲਿਟਨ ਜਲ ਸੋਧ ਪ੍ਰੋਗਰਾਮ ਦੇ ਕਮਿਸ਼ਨਰ ਫਰੈਂਕ ਅਵੀਲਾ ਵਲੋਂ ਸਿੱਖਾਂ ਦੀ ਦਸਤਾਰ ਦੇ ਹੱਕ ਵਿੱਚ ਚਲਾਈ ਮੁਹਿੰਮ ਅਤੇ ਸਿੱਖਾਂ ਨੂੰ ਸਖ਼ਤ ਲੋਹ ਟੋਪ ਪਹਿਨਣ ਤੋਂ ਛੋਟ (Hard Hat OSHA waiver for Turban wearing Sikhs) ਬਦਲੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਪੈਲਾਟਾਇਨ ਵਿਖੇ ਸਨਮਾਨ ਕੀਤਾ ਗਿਆ। ਕਮਿਸ਼ਨਰ ਅਵੀਲਾ ਨੂੰ ਸਿੱਖ ਭਾਈਚਾਰੇ ਦੀ ਮਦਦ ਕਰਨ ਬਦਲੇ 19 ਫਰਵਰੀ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਉਚੇਚੇ ਤੌਰ ਉੱਤੇ ਸੱਦ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਕਮਸ਼ਿਨਰ ਫਰੈਂਕ ਨੇ ਲੰਮੀ ਜਦੋਜਹਿਦ ਬਾਅਦ ਕੁੱਕ ਕਾਉਂਟੀ ਦੇ ਗਰੇਟਰ ਸ਼ਿਕਾਗੋ ਡਿਸਟਰਿਕ ਦੇ ਮੈਟਰੋਪੋਲਿਟਨ ਜਲ ਸੋਧ ਵਿਭਾਗ ਵਿੱਚ ਕੰਮ ਕਰਦੇ ਸਿੱਖਾਂ ਨੂੰ ਦਸਤਾਰ ਸਮੇਤ ਡਿਊਟੀ ਕਰਨ ਦੀ ਛੋਟ ਦਿਵਾਈ।
ਰਾਜਿੰਦਰ ਸਿੰਘ ਮਾਗੋ ਨੇ ਕਮਸ਼ਿਨਰ ਅਵੀਲਾ ਦੀ ਸਖ਼ਸ਼ੀਅਤ ਅਤੇ ਸਿੱਖ ਭਾਈਚਾਰੇ ਪ੍ਰਤੀ ਸਹਿਯੋਗ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਸਿੱਖ ਰਿਲੀਜੀਅਸ ਸੁਸਾਇਟੀ ਦੀ ਤਰਫੋਂ ਡਾ. ਪ੍ਰਦੀਪ ਸਿੰਘ ਗਿੱਲ, ਡਾ.ਜਸਬੀਰ ਕੌਰ ਸਲੂਜਾ ਅਤੇ ਹਰਜੀਤ ਸਿੰਘ ਗਿੱਲ ਨੇ  ਕਮਿਸ਼ਨਰ ਫਰੈਂਕ ਅਵੀਲਾ ਨੂੰ ਸਨਮਾਨ ਚਿੰਨ੍ਹ ਦਿੱਤਾ।
ਸਵਰਨ ਸਿੰਘ ਰਾਜੂ ਅਤੇ ਲਾਲ ਸਿੰਘ ਨੇ ਫਰੈਂਕ ਅਵੀਲਾ ਨੂੰ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਮੌਕੇ ਬਰਤਾਨਵੀ ਫੌਜ ਵਿੱਚ ਲੜਣ ਵਾਲੇ ਬਹਾਦਰ ਸਿੱਖ ਫੌਜੀਆਂ ਸਬੰਧੀ ਪੋਸਟਰ ਭੇਟ ਕੀਤਾ। ਬਰਤਾਨਵੀ ਫੌਜ ਵਿੱਚ ਵੀ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਖੁੱਲ੍ਹ ਅਤੇ ਫੌਜੀ ਲੋਹ ਟੋਪ ਪਹਿਨਣ ਤੋਂ ਛੋਟ ਸੀ।
ਕਮਿਸ਼ਨਰ ਅਵੀਲਾ ਅਤੇ 52 ਸਾਲਾਂ ਤੋ ਉਸਦੀ ਜੀਵਨ ਸਾਥਣ ਸ਼ੈਰੀ ਅਵੀਲਾ ਸਿੱਖ ਅਰਦਾਸ ਮੌਕੇ ਹਾਜ਼ਰ ਹੋਏ। ਉਹ ਸੰਗਤ ਵਿੱਚ ਫਰਸ਼ ਉੱਤੇ ਬੈਠੇ, ਕੀਰਤਨ ਸੁਣਿਆ, ਦੇਗ ਲਈ ਅਤੇ ਸੰਗਤ ਸਮੇਤ ਲੰਗਰ ਛਕਿਆ।
ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਉੱਤੇ ਫਰੈਂਕ ਅਤੇ ਸ਼ੈਰੀ ਅਵੀਲਾ ਦਾ ਉਨ੍ਹਾਂ ਦੇ ਦੋਸਤਾਂ ਅਤੇ ਸੰਗਤ ਮੈਂਬਰਾਂ ਵਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ, ਲੰਗਰ ਹਾਲ ਅਤੇ ਬੱਚਿਆਂ ਲਈ ਹਰ ਐਤਵਾਰ ਲੱਗਦੇ ਗੁਰਮਤਿ ਸਕੂਲ ਦੇ ਕਮਰੇ ਵਿਖਾਉਣ ਦੇ ਨਾਲ ਨਾਲ ਇਹ ਵੀ ਦਸਿਆ ਗਿਆ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸਤ ਤਰ੍ਹਾਂ ਚਲਾਇਆ ਜਾਂਦਾ ਹੈ। ਉਨ੍ਹਾਂ ਦੋਵਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਟਾਫ਼। ਸਿੱਖ ਭਾਈਚਾਰੇ ਦੇ ਪਤਵੰਤਿਆਂ ਅਤੇ ਸੰਗਤ ਮੈਂਬਰਾਂ ਨਾਲ ਮਿਲਾਇਆ ਗਿਆ।