ਸਿੱਖਾਂ ਨੇ ਕੀਤੀ ‘ਫੋਰਥ ਜੁਲਾਈ ਪਰੇਡ’ ‘ਚ ਭਰਵੀਂ ਸ਼ਮੂਲੀਅਤ

0
232

5
ਅਰਲਿੰਗਟਨ(ਟੈਕਸਸ)/ਹਰਜੀਤ ਸਿੰਘ ਢੇਸੀ:
ਇੱਥੇ ਹੁੰਦੀ ਸਾਲਾਨਾ ਅਮਰੀਕਨ ਆਜ਼ਾਦੀ ਦਿਵਸ ਪਰੇਡ ਵਿਚ ਇੱਥੇ ਵਸਦੇ ਸਿੱਖ ਭਾਈਚਾਰੇ ਨੇ ਦੂਜੀ ਵਾਰ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਇਹ ਪਰੇਡ ਹਰ ਸਾਲ 4 ਜੁਲਾਈ ਨੂੰ ਕੀਤੀ ਜਾਂਦੀ ਹੈ ਜਿਸ ਵਿਚ ਆਜ਼ਾਦੀ ਦਿਵਸ ਜਸ਼ਨਾਂ ਨੂੰ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਸਿੱਖ ਭਾਈਚਾਰੇ ਤੋਂ ਇਲਾਵਾ ਸਥਾਨਕ ਫਾਇਰ ਡਿਪਾਰਟਮੈਂਟ, ਸੈਆਫਿਸ, ਅਰਲਿੰਗਟਨ ਪੁਲਿਸ, ਟੈਕਸਸ ਡਿਪਾਰਟਮੈਂਟ ਆਫ਼ ਸੇਫਟੀ, ਹਾਈ ਸਕੂਲ ਮਾਰਚਿੰਗ ਬੈਂਡ ਅਤੇ ਹੋਰ ਬਹੁਤ ਸਾਰੇ ਗਰੁੱਪਾਂ ਨੇ ਹਿੱਸਾ ਲਿਆ। ਇਸ ਪਰੇਡ ਵਿਚ ਅਮਰੀਕਨ ਭਾਈਚਾਰੇ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਭਾਰੀ ਗਰਮੀ ਦੇ ਬਾਵਜੂਦ ਭਰਵਾਂ ਉਤਸ਼ਾਹ ਸੀ। ਪਰੇਡ ਦੀ ਸ਼ੁਰੂਆਤ ਸਵੇਰੇ 8:00 ਵਜੇ ਹੋਈ। ਸਿੱਖ ਭਾਈਚਾਰੇ ਦੇ ਲੋਕ ਸੁੰਦਰ ਫਲੈਟ ਉਪਰ ਸਜੇ ਹੋਏ ਸਨ ਅਤੇ ਪੈਦਲ ਮਾਰਚ ਕਰ ਰਹੇ ਸਨ।
ਵਰਨਣਯੋਗ ਹੈ ਕਿ ਸਿੱਖ ਟੈਂਪਲ ਗਾਰਲੈਂਡ ਦੇ ਪੰਜਾਬੀ ਸਕੂਲ ਦੇ ਬੱਚਿਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਦੇ ਹੱਥਾਂ ਵਿਚ ਅਮਰੀਕਨ ਫਲੈਗ ਅਤੇ ਬੈਨਰ ਫੜੇ ਹੋਏ ਸਨ ਅਤੇ ਉਹ ਮਾਰਚ ਕਰਦੇ ਹੋਏ ਅਮਰੀਕਨ ਲੋਕਾਂ ਨੂੰ ”ਹੈਪੀ ਫੋਰਥ ਜੁਲਾਈ” ਕਹਿ ਰਹੇ ਸਨ। ਸਿੱਖੀ ਦੀ ਪਛਾਣ ਦਰਸਾਉਂਦੇ ਪੈਫਲਿੰਟ ਵੀ ਵੰਡੇ ਗਏ। ਪਰੇਡ ਦੇ ਮੁੱਖ ਪ੍ਰੰਬਧਕ ਕਰਮਜੀਤ ਸਿੰਘ ਨੇ ਦਸਿਆ ਕਿ ਇਸ ਤਰ੍ਹਾਂ ਦੇ ਅਮਰੀਕੀ ਜ਼ਸਨਾਂ ਵਿਚ ਸ਼ਮੂਲੀਅਤ ਨਾਲ ਸਿੱਖ ਭਾਈਚਾਰੇ ਦੀ ਪਛਾਣ ਬਣਦੀ ਅਤੇ ਅਮਰੀਕੀ ਭਾਈਚਾਰਿਆਂ ਵਿਚ ਸਾਂਝ ਵੀ ਵਧਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਹੋਰ ਵੀ ਅਜਿਹੀਆਂ ਪਰੇਡਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ।
ਬਿਲੂ ਬੈਨੀਪਾਲ ਅਤੇ ਹੋਰਨਾਂ ਵੱਲੋਂ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।