ਭਾਰਤੀ ਮੂਲ ਦੇ ਇੰਜੀਨੀਅਰ ਦੀ ਹੱਤਿਆ

0
542

ਗੋਲੀ ਲੱਗਣ ਨਾਲ ਇਕ ਅਮਰੀਕੀ ਸਮੇਤ ਦੋ ਗੰਭੀਰ ਜ਼ਖ਼ਮੀ
ਸਿੱਖ ਭਾਈਚਾਰੇ ਨੂੰ ਚੌਕਸ ਰਹਿਣ ਦੀ ਲੋੜ

enginer-murder-usa

ਅਮਰੀਕਾ ਵਿੱਚ ਮਾਰੇ ਗਏ ਇੰਜਨੀਅਰ ਸ੍ਰੀਨਿਵਾਸ (ਇਨਸੈੱਟ) ਦੇ ਮਾਪੇ ਵਿਰਲਾਪ ਕਰਦੇ ਹੋਏ।
ਹਿਊਸਟਨ/ਬਿਊਰੋ ਨਿਊਜ਼:
ਕੈਨਸਸ ਸੂਬੇ ਦੇ ਓਲੇਥ ਸ਼ਹਿਰ ‘ਚ ਇਕ ਅਮਰੀਕੀ ਨੇ ਭਾਰਤੀ ਮੂਲ ਦੇ  ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਵਾਰਦਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਨੇ ਅਮਰੀਕੀ ਸਿੱਖ ਭਾਈਚਾਰੇ ਨੂੰ ਕੈਨਸਸ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਚੌਕਸ ਰਹਿਣ ਲਈ ਕਿਹਾ ਹੈ।
ਵਾਰਦਾਤ ਸਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਓਲੇਥ ਸ਼ਹਿਰ ਦੇ ਇਕ ਭੀੜ ਭੜੱਕੇ ਵਾਲੇ ਬਾਰ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਨੇ ਗੋਲੀ ਮਾਰ ਕੇ ਇਕ ਭਾਰਤੀ ਇੰਜਨੀਅਰ ਦੀ ਹੱਤਿਆ ਕਰ ਦਿੱਤੀ ਅਤੇ ਦੋ ਜਣਿਆਂ ਨੂੰ ਫੱਟੜ ਕਰ ਦਿੱਤਾ। ਕਥਿੱਤ ਦੋਸ਼ੀ ਐਡਮ ਪੁਰੀਨਤੋਨ ਗੋਲੀਆਂ ਚਲਾਉਂਦੇ ਸਮੇਂ ਚੀਕਦਾ ਹੋਇਆ ਕਹਿ ਰਿਹਾ ਸੀ ‘ਅੱਤਵਾਦੀ’ ਤੇ ‘ਮੇਰੇ ਦੇਸ਼ ‘ਚੋਂ ਬਾਹਰ ਨਿਕਲ ਜਾਓ’ ।
ਬੁੱਧਵਾਰ ਰਾਤ ਨੂੰ ਹੋਈ ਇਸ ਮੰਦਭਾਗੀ ਘਟਨਾ ‘ਚ ਭਾਰਤੀ ਮੂਲ ਦੇ ਸ੍ਰੀਨਿਵਾਸਨ ਕੁਚੀਭੋਟਲਾ (32 ਸਾਲ) ਦੀ ਮੌਤ ਹੋ ਗਈ। ਸ੍ਰੀਨਿਵਾਸਨਓਲੇਥ ਸਥਿਤ ਗਾਰਮਿਨ ਹੈੱਡਕੁਆਰਟਰ ‘ਚ ਕੰਮ ਕਰਦਾ ਸੀ। ਹਮਲੇ ਵਿਚ ਇਕ ਹੋਰ ਭਾਰਤੀ ਅਤੇ ਉਸ ਦਾ ਸਹਿ-ਕਰਮੀ ਆਲੋਕ ਮਦਸਾਨੀ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਗੋਲੀਬਾਰੀ ਵਿਚ ਜ਼ਖ਼ਮੀ ਦੂਜੇ ਵਿਅਕਤੀ ਦੀ ਪਛਾਣ ਅਮਰੀਕੀ ਨਾਗਰਿਕ ਈਆਨ ਗ੍ਰੀਲਟ (24 ਸਾਲ) ਵਜੋਂ ਹੋਈ ਹੈ ਜਿਸ ਨੇ ਇਨ੍ਹਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁਚੀਭੋਤਲਾ ਤੇ ਮਦਸਾਨੀ ਗਾਰਮਿਨਕੰਪਨੀ ਦੇ ਏਵੀਏਸ਼ਨ ਸਿਸਟਮਜ਼ ਵਿੱਚ ਕੰਮ ਕਰਦੇ ਸਨ।ਹਮਲੇ ‘ਚ ਮਾਰਿਆ ਗਿਆ ਸ੍ਰੀਨਿਵਾਸਨ ਹੈਦਰਾਬਾਦ ਜਦੋਂ ਕਿ ਜ਼ਖ਼ਮੀ ਮਦਸਾਨੀ ਵਾਰੰਗਲ ਦਾ ਰਹਿਣ ਵਾਲਾ ਹੈ।
ਪੁਲਿਸ ਅਨੁਸਾਰ ਪੁਰੀਨਤੋਨ ਬਹਿਸ ਤੋਂ ਬਾਅਦ ਬਾਰ ‘ਚੋਂ ਚਲਾ ਗਿਆ ਸੀ ਪਰ ਫਿਰ ਉਹ ਬੰਦੂਕ ਲੈ ਕੇ ਉਥੇ ਵਾਪਸ ਆਇਆ ਤੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਰ ਦੇ ਮਾਲਕ ਉਸ ਸਮੇਂ ਬਾਸਕਟਬਾਲ ਮੈਚ ਦੇਖ ਰਹੇ ਸੀ। ਦੋਸ਼ੀ ਐਡਮ ਪੁਰੀਨਤੋਨ ਨੂੰ ਘਟਨਾ ਦੇ ਪੰਜ ਘੰਟੇ ਬਾਅਦ ਵੀਰਵਾਰ ਨੂੰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ‘ਤੇ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।ਅਧਿਕਾਰੀਆਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਘਟਨਾ ਦੇ ਨਸਲੀ ਅਪਰਾਧ ਹੋਣ ਜਾਂ ਨਾ ਹੋਣ ਦੇ ਸਵਾਲ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸਥਾਨਕ ਪੁਲਿਸ ਐਫ.ਬੀ.ਆਈ. ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਓਲੇਥ ਦੇ ਪੁਲਿਸ ਮੁਖੀ ਸਟੀਵਨ ਮੈਨਕੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬੇਹੂਦਾ ਹਿੰਸਾ ਦੀ ਬਹੁਤ ਦੁਖਦਾਈ ਘਟਨਾ ਹੈ। ਐਫਬੀਆਈ ਵੱਲੋਂ ਸਥਾਨਕ ਪੁਲੀਸ ਨਾਲ ਮਿਲ ਕੇ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

ਸਿੱਖ ਭਾਈਚਾਰੇ ਨੂੰ ਚੌਕਸ ਰਹਿਣ ਲਈ ਕਿਹਾ
ਨਿਊਯਾਰਕ/ਬਿਊਰੋ ਨਿਊਜ਼:
ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਨੇ ਅਮਰੀਕੀ ਸਿੱਖ ਭਾਈਚਾਰੇ ਨੂੰ ਕੰਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਚੌਕਸ ਰਹਿਣ ਲਈ ਕਿਹਾ ਹੈ। ਸਿੱਖ ਕੋਲੀਸ਼ਨ ਨੇ ਕਿਹਾ ਕਿ 32 ਸਾਲਾ ਸ੍ਰੀਨਿਵਾਸਨ ਕੁਚੀਭੋਟਲਾ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ। ਸਿੱਖ ਕੁਲੀਸ਼ਨ ਨੇ ਕਿਹਾ ਕਿ ਉਹ ਸ੍ਰੀਨਿਵਾਸ ਕੁਚੀਭੋਤਲਾ ਦੇ ਪਰਿਵਾਰ ਲਈ ਅਰਦਾਸ ਕਰਦੇ ਹਨ।। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਨ੍ਹਾਂ ਨਾਲ ਨਸਲੀ ਹਮਲਾ ਜਾਂ ਇਸ ਸਬੰਧੀ ਕੋਈ ਧਮਕੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਹਰ ਸਿੱਖ ਨੂੰ ਇਸ ਨਾਜ਼ੁਕ ਦੌਰ ‘ਚ ਵਧੇਰੇ ਚੌਕਸੀ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਅਮਰੀਕੀ ਨੌਜਵਾਨ ਦੀ ਬਹਾਦਰੀ ਦੀ ਸਰਾਹਨਾ
ਹਮਲੇ ਦੌਰਾਨ ਐਡਮ ਖ਼ਿਲਾਫ਼ ਡਟਣ ਵਾਲਾ 24 ਸਾਲਾ ਅਮਰੀਕੀ ਨੌਜਵਾਨ ਇਆਨ ਗ੍ਰਿੱਲਟ ਹੀਰੋ ਬਣ ਗਿਆ ਹੈ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ‘ਤੇ ਹੋਏ ਹਮਲੇ ‘ਚ ਦੂਜੇ ਭਾਰਤੀ ਨੂੰ ਬਚਾਉਣ ਵਿਚ ਇਸ ਅਮਰੀਕੀ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਘਟਨਾ ਦੌਰਾਨ ਜ਼ਖ਼ਮੀ ਹੋਏ ਹਸਪਤਾਲ ਦੇ ਬੈੱਡ ‘ਤੇ ਲੇਟੇ ਈਆਨ ਗ੍ਰਿਲਟ ਨੇ ਆਪਣੇ ਆਪ ਨੂੰ ‘ਹੀਰੋ’ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਓਹੀ ਕੀਤਾ ਜੋ ਇਕ ਮਨੁੱਖ ਨੂੰ ਦੂਜੇ ਲਈ ਕਰਨਾ ਚਾਹੀਦਾ ਹੈ। ਸਭ ਤੋਂ ਉਪਰ ਇਨਸਾਨੀਅਤ ਹੈ।। ਐਡਮ ਨੇ ਜਦੋਂ ਗੋਲੀਬਾਰੀ ਕੀਤੀ ਤਾਂ ਉਹ ਟੇਬਲ ਓਹਲੇ ਲੁਕ ਗਿਆ। ਉਹ ਬੈਠਾ ਗੋਲੀਆਂ ਗਿਣਦਾ ਰਿਹਾ ਜਦੋਂ ਉਸ ਨੂੰ ਲੱਗਾ ਕਿ ਗੋਲੀਆਂ ਮੁਕ ਗਈਆਂ ਹਨ ਤਾਂ ਉਹ ਹਮਲਾਵਰ ‘ਤੇ ਟੁੱਟ ਪਿਆ ਪਰ ਐਡਮ ਕੋਲ ਹਾਲੇ ਇਕ ਗੋਲੀ ਸੀ ਜੋ ਉਸ ਨੇ ਇਆਨ ‘ਤੇ ਦਾਗ ਦਿੱਤੀ, ਜੋ ਉਸ ਦੇ ਹੱਥ ਵਿੱਚੋਂ ਲੰਘ ਕੇ ਛਾਤੀ ਵਿੱਚ ਵੱਜੀ।

ਸੁਸ਼ਮਾ ਸਵਰਾਜ ਨੇ ਘਟਨਾ ਉੱਤੇ ਦੁਖ ਪ੍ਰਗਟਾਇਆ
ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ‘ਚ ‘ਨਸਲੀ ਹਮਲੇ’ ਵਿਚ ਇਕ ਭਾਰਤੀ ਮੂਲ ਦੇ ਇੰਜੀਨੀਅਰ ਦੀ ਹੱਤਿਆ ਅਤੇ ਇਕ ਹੋਰ ਨੂੰ ਜ਼ਖ਼ਮੀ ਕੀਤੇ ਜਾਣ ਦੀ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਨੂੰ ‘ਮੱਧ ਪੂਰਬ’ ਦਾ ਨਾਗਰਿਕ ਸਮਝ ਕੇ ਗੋਲੀ ਮਾਰੀ ਗਈ। ਸ਼ੁਸ਼ਮਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਕੰਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਸਦਮੇ ਵਿਚ ਹਾਂ। ਉਨ੍ਹਾਂ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਨਵਤੇਜ ਸਰਨਾ ਨਾਲ ਗੱਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਦੂਤਘਰ ਦੇ ਅਧਿਕਾਰੀ ਆਰ.ਡੀ. ਜੋਸ਼ੀ ਹਿਊਸਟਨ ਤੇ ਹਰਪਾਲ ਸਿੰਘ ਵੀ ਡਲਾਸ ਤੋਂ ਕੰਸਾਸ ਲਈ ਰਵਾਨਾ ਹੋ ਚੁੱਕੇ ਹਨ। ਉਹ ਜ਼ਖ਼ਮੀ ਨਾਲ ਮੁਲਾਕਾਤ ਕਰਨਗੇ ਤੇ ਮ੍ਰਿਤਕ ਦੇ ਸਰੀਰ ਨੂੰ ਭਾਰਤ ਲਿਆਉਣ ‘ਚ ਮਦਦ ਕਰਨਗੇ। ਇਸ ਦੇ ਨਾਲ ਹੀ ਇਸ ਘਟਨਾ ਦੀ ਇਥੇ ਅਮਰੀਕੀ ਦੂਤਘਰ ਨੇ ਵੀ ਨਿਖੇਧੀ ਕੀਤੀ ਹੈ ਤੇ ਪੀੜ੍ਹਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।