ਨਿਊ ਯਾਰਕ ਵਿੱਚ ਭਾਰਤੀ ਮੂਲ ਦੀ ਲੜਕੀ ‘ਤੇ ਨਸਲੀ ਟਿੱਪਣੀਆਂ

0
430

ekta-desai-te-nasali-tippnian
ਨਿਊਯਾਰਕ/ਬਿਊਰੋ ਨਿਊਜ਼ :
ਇੱਥੇ ਅਫਰੀਕੀ-ਅਮਰੀਕੀ ਵਿਅਕਤੀ ਨੇ ਮਸਰੂਫ਼ ਯਾਤਰੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੂੰ ਬੇਤੁਕੇ ਨਾਵਾਂ ਨਾਲ ਪੁਕਾਰਿਆ ਅਤੇ ਚੀਕ ਕੇ ਆਖਿਆ ਕਿ ”ਇੱਥੋਂ ਦਫਾ ਹੋ ਜਾ।” ਨਿਊਯਾਰਕ ਵਿੱਚ ਰਹਿੰਦੀ ਏਕਤਾ ਦੇਸਾਈ ਨੇ 23 ਫਰਵਰੀ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਬਣਾਈ ਹੈ। ਇਹ ਵੀਡੀਓ ‘ਦਿ ਵਾਇਸ ਰੇਜ਼ਰ’ ਵੈੱਬਸਾਈਟ ਉਤੇ ਪਾਈ ਗਈ ਅਤੇ ਇਸ ਮਗਰੋਂ ਇਹ ਵਾਇਰਲ ਹੋ ਗਈ। ਵੀਡੀਓ ਵਿੱਚ ਇਹ ਵਿਅਕਤੀ ਲੜਕੀ ਨਾਲ ਬਦਸਲੂਕੀ ਕਰਦਾ ਹੋਇਆ ‘ਬੋਲਣ ਦੀ ਆਜ਼ਾਦੀ’ ਅਤੇ ਸਿਆਹ ਵਿਅਕਤੀਆਂ ਦੀ ਤਾਕਤ ਵਰਗੇ ਸ਼ਬਦ ਵਰਤਦਾ ਹੈ। ਏਕਤਾ ਵੱਲੋਂ ਵੀਡੀਓ ਰਿਕਾਰਡਿੰਗ ਕਰਨ ਉਤੇ ਉਹ ਵਿਅਕਤੀ ਖਿਝ ਜਾਂਦਾ ਹੈ ਅਤੇ ਉਸ ਉਤੇ ਚੀਕਦਾ ਹੈ।
ਲੜਕੀ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਕਿ ”ਇਹ ਵਿਅਕਤੀ ਉਸੇ ਰੇਲ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ, ਜਿਸ ਵਿੱਚ 100 ਹੋਰ ਯਾਤਰੀਆਂ ਨਾਲ ਮੈਂ ਸਫ਼ਰ ਕਰ ਰਹੀ ਸੀ। ਮੈਂ ਆਪਣੇ ਹੈੱਡਫੋਨ ਪਾਏ ਹੋਏ ਸਨ ਅਤੇ ਇਹ ਹੋਰ ਦਿਨਾਂ ਵਰਗਾ ਹੀ ਇਕ ਦਿਨ ਸੀ। ਇਸ ਤੋਂ ਬਾਅਦ ਉਹ ਵਿਅਕਤੀ ਮੇਰੇ ਸਾਹਮਣੇ ਆ ਕੇ ਚੀਕਣ ਲਗਦਾ ਹੈ ਪਰ ਉਸ ਨੇ ਇਸ ਵੱਲ ਧਿਆਨ ਨਾ ਦਿੱਤਾ।” ਏਕਤਾ ਨੇ ਕਿਹਾ ਕਿ ਉਸ ਨੇ ਕੋਈ ਪ੍ਰਤੀਕਰਮ ਨਾ ਦਿੱਤਾ ਪਰ ਉਹ ਵਿਅਕਤੀ ਚੀਕਦਾ ਰਿਹਾ ਅਤੇ ਪੁੱਛਦਾ ਰਿਹਾ ਕਿ ਉਸ ਦੀਆਂ ਤਸਵੀਰਾਂ ਕਿਉਂ ਉਤਾਰ ਰਹੀ ਹੈ। ਏਕਤਾ ਨੇ ਇਸ ਮਾਮਲੇ ਦੀ ਜਾਣਕਾਰੀ ਪੁਲੀਸ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਕਥਿਤ ਤੌਰ ਉਤੇ ਕਿਹਾ ਕਿ ਸਬੰਧਤ ਵਿਅਕਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਲਗਦਾ ਹੈ ਅਤੇ ਉਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਇਸ ਮਗਰੋਂ ਲੜਕੀ ਨੇ ਮਨੁੱਖੀ ਅਧਿਕਾਰ ਕਾਰਕੁਨ ਤੇ ‘ਦਿ ਵਾਇਸ ਰੇਜ਼ਰ’ ਦੇ ਬਾਨੀ ਕੁੰਦਨ ਸ੍ਰੀਵਾਸਤਵ ਨਾਲ ਸੰਪਰਕ ਕੀਤਾ।