ਡਾ. ਅਮਰੀਕ ਸਿੰਘ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੇ ਨਵੇਂ ਪ੍ਰਿੰਸੀਪਲ ਬਣਾਏ ਗਏ

0
276

dr-amrik-singh-made-principal
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਸਿੱਖਿਆ ਦੇ ਖੇਤਰ ਵਿੱਚ ਉੱਚ ਯੋਗਤਾ ਪ੍ਰਾਪਤ ਅਤੇ ਪੜ੍ਹਾਉਣ ਦਾ ਚੋਖਾ ਤਜਰਬਾ ਰੱਖਣ ਵਾਲੇ ਡਾ. ਅਮਰੀਕ ਸਿੰਘ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੇ ਪ੍ਰਿੰਸੀਪਲ ਬਣਾਏ ਗਏ ਹਨ। ਉਹ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪ੍ਰਿੰਸੀਪਲ ਮਿਸਜ਼ ਸ਼ੀਲਾ ਗਿਬਸਨ ਦੀ ਥਾਂ ਲੈਣਗੇ ਜਿਹੜੇ ਆਪਣੇ ਤਿੰਨ ਸਾਲਾਂ ਦਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਰਿਟਾਇਰ ਹੋ ਗਏ।  ਇਸ ਸਬੰਧੀ ਇੱਕ ਵਿਦਾਇਗੀ ਸਮਾਗਮ ਦੌਰਾਨ ਸਕੂਲ ਦੇ ਪ੍ਰਧਾਨ ਨਰਿੰਦਰ ਥਾਂਦੀ ਤੇ ਸਕੂਲ ਦੇ ਵਾਇਸ ਪ੍ਰਧਾਨ ਦਰਸ਼ਨ ਮੁੰਡੀ ਨੇ ਸ਼ੀਲਾ ਗਿਬਸਨ ਨੂੰ ਸਨਮਾਨ ਚਿੰਨ ਭੇਟ ਕੀਤਾ ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਸਾਰੇ ਸਕੂਲ ਦੇ ਬੱਚਿਆਂ ਦੀ ਅਸੈਂਬਲੀ ਵਿੱਚ ਧੰਨਵਾਦ ਕੀਤਾ। ਇਹ ਵੀ ਐਲਾਨ ਕੀਤਾ ਕਿ ਅਗਲੇ ਸਕੂਲ ਪ੍ਰਿੰਸੀਪਲ ਡਾ: ਅਮਰੀਕ ਸਿੰਘ  ਹੋਣਗੇ । ਇਸ ਮੌਕੇ ਸ.ਦਰਸ਼ਨ ਸਿੰਘ ਮੁੰਡੀ ਨੇ ਕਿਹਾ ਕਿ ਮਿਸਜ਼ ਗਿਬਸਨ ਹੁਣ ਬੋਰਡ ਅਡਵਾਈਜ਼ਰ ਦੇ ਤੌਰ ਤੇ ਸੇਵਾ ਕਰਦੇ ਰਹਿਣਗੇ ।
ਪੰਜਾਬ ਵਿੱਚ ਕਾਲਜ ਅਧਿਆਪਕ ਰਹੇ ਡਾ. ਅਮਰੀਕ ਸਿੰਘ ਸਕੂਲ ਖੁੱਲ੍ਹਣ ਤੋਂ ਲੈ ਕੇ ਹੁਣ ਤਕ ਅਧਿਆਪਕ, ਵਾਇਸ ਪ੍ਰਿੰਸੀਪਲ ਤੇ ਸਕੂਲ ਕੋਆਰਡੀਨੇਟਰ ਜਹੀਆਂ ਸੇਵਾਵਾਂ ਨਿਭਾ ਚੁੱਕੇ ਹਨ । ਉਨਾਂ ਅਧਿਆਪਨ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਹਿੱਸਾ ਲਿਆ । ਇਸ ਦੇ ਨਾਲ਼ ਡਾ. ਸਿੰਘ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ ਜਿੱਥੇ ਉਹ ਸੰਨ 2006 ਤੋਂ ਲਗਾਤਾਰ ਪੜ੍ਹਾ ਰਹੇ ਹਨ । ਅਮਰੀਕਾ ਆਉਣ ਤੋ ਪਹਿਲਾਂ ਡਾ: ਸਿੰਘ ਗੌਰਮਿੰਟ ਕਾਲਜ ਫ਼ੌਰ ਗਰਲਜ਼ ਚੰਡੀਗੜ੍ਹ ਵਿੱਚ ਅਸੋਸੀਏਟ ਪ੍ਰੋਫ਼ੈਸਰ ਆਫ਼ ਇੰਗਲਿਸ਼ ਸਨ।  ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪੀ. ਐੱਚ. ਡੀ. ਇੰਗਲਿਸ਼ 1ਸੰਨ 999 ਵਿੱਚ ਹਾਸਲ ਕੀਤੀ  ਅਤੇ ਇੱਥੇ ਆ ਕੇ ਵੀ ਟੀਚਿੰਂਗ  ਕਰਡੈਂਸ਼ਲ, ਐਡਮਨਿਸਟ੍ਰੇਟਿਵ ਸਰਵਿਸ ਕਰਡੈਂਸ਼ਲ ਤੇ ਮਾਸਟਰ ਇਨ ਐਜ਼ੁਕੇਸ਼ਨ ਦੀ ਪੜ੍ਹਾਈ ਕੀਤੀ । ਇਹ ਜ਼ਿਕਰ ਕਰਨਯੋਗ ਹੈ ਕਿ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਹੋਰ ਪਬਲਿਕ ਸਕੂਲਾਂ ਵਾਂਗ ਸਰਕਾਰ ਤੋਂ ਫੰਡ ਪ੍ਰਾਪਤ ਕਰਦਾ ਹੈ ਤੇ ਸਾਰੇ ਅਧਿਆਪਕ ਸਰਟੀਫ਼ਾਇਡ ਕਰਡੈਂਸਲਡ ਵਾਲੇ ਹੀ ਭਰਤੀ ਕੀਤੇ ਜਾਂਦੇ ਹਨ । ਹਰੇਕ ਕਲਾਸ ਵਿੱਚ ਬੱਚਿਆਂ ਦੀ ਗਿਣਤੀ ਆਮ ਸਕੂਲਾਂ ਨਾਲੋਂ ਘੱਟ ਹੁੰਦੀ ਹੈ ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ । ਇਸ ਸਾਲ ਸਕੂਲ ਦੇ ਨਤੀਜ਼ੇ ਇੰਗਲਿਸ਼ ਤੇ ਮੈਥ ਦੇ ਸਟੇਟ ਇਮਤਿਹਾਨਾਂ ਵਿੱਚ ਬਹੁਤ ਵਧੀਆ ਆਏ ਹਨ ।
ਵਰਨਣਯੋਗ ਹੈ ਕਿ ਇਸ ਸਕੂਲ ਵਿੱਚ ਪੰਜਾਬੀ ਵਿਸ਼ਾ ਲਾਜ਼ਮੀ ਹੈ। ਸਾਰੇ ਬੱਚੇ ਪੰਜਾਬੀ ਵਿੱਚ ਪਹਾੜੇ ਵੀ ਸਿੱਖਦੇ ਹਨ । ਸਾਰੇ ਵਿਦਿਆਰਥੀ ਭਾਵੇਂ ਉਹ ਗੋਰੇ, ਅਫ਼ਰੀਕਨ,ਮੈਕਸੀਕਨ ਜਾਂ ਏਸ਼ੀਅਨ ਮੂਲ ਦੇ ਹੋਣ, ਪੰਜਾਬੀ ਸਿੱਖ ਕੇ ਬਹੁਤ ਖੁਸ਼ ਹੁੰਦੇ ਹਨ ਤੇ ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਵਿੱਚ ਵੀ ਮੁਹਾਰਤ ਹਾਸਲ ਕਰਦੇ ਹਨ ।