ਟਰੰਪ ਵੱਲੋਂ ਓਪਰਾ ਵਿਨਫਰੇ ਨੂੰ ਚੋਣ ਲੜਨ ਦੀ ਲਲਕਾਰ

0
153

donald-trump_finger
ਵਾਸ਼ਿੰਗਟਨ/ਬਿਊਰੋ ਨਿਊਜ਼
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨ ਟੀਵੀ ਸ਼ੋਅ ਦੀ ਮੇਜ਼ਬਾਨ ਓਪਰਾ ਵਿਨਫਰੇ ‘ਤੇ ਵਰ੍ਹਦਿਆਂ ਕਿਹਾ ਕਿ ਉਹ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਖ਼ਿਲਾਫ਼ ਉਮੀਦਵਾਰ ਬਣੇ। ਟੀਵੀ ਸ਼ੋਅ ਦੀ ਮੇਜ਼ਬਾਨ ਨੇ ਰਾਸ਼ਟਰਪਤੀ ਦੇ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਉਨ੍ਹਾਂ ਦੀਆਂ ਖ਼ਾਮੀਆਂ ਦਾ ਭਾਂਡਾ ਭੰਨਣ ਦੀ ਚੇਤਾਵਨੀ ਦਿੱਤੀ ਸੀ।
ਵਿਨਫਰੇ ਨੇ ਆਪਣੇ ਟੀਵੀ ਸ਼ੋਅ ਵਿੱਚ ਰਾਸ਼ਟਰਪਤੀ ਦੇ ਇਕ ਸਾਲ ਦੇ ਕਾਰਜਕਾਲ ਦੀਆਂ ਕਈ ਖ਼ਾਮੀਆਂ ਵੋਟਰਾਂ ਸਾਹਮਣੇ ਉਜਾਗਰ ਵੀ ਕੀਤੀਆਂ ਸਨ। ਇਸ ਟਾਕ ਸ਼ੋਅ ਵਿੱਚ ਵੋਟਰਾਂ ਤੋਂ ਰਾਸ਼ਟਰਪਤੀ ਦੇ ਟੈਕਸ ਪਲਾਨ ਬਾਰੇ ਵੀ ਪੁੱਛਿਆ ਗਿਆ ਸੀ ਅਤੇ ਵਿਸ਼ਵ ਦੀ ਟੈਕਸ ਪ੍ਰਣਾਲੀ ਬਾਰੇ ਵੀ ਚਰਚਾ ਕੀਤੀ ਗਈ ਸੀ।
ਇਸ ‘ਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਸੀ ਕਿ ਵਿਨਫਰੇ ਨੇ ਆਪਣੇ ਟੀਵੀ ਸ਼ੋਅ ਵਿੱਚ ਬਹੁਤ ਹੀ ਆਧਾਰਹੀਣ ਪ੍ਰਸ਼ਨ ਕੀਤੇ ਹਨ। ਉਨ੍ਹਾਂ ਟਵੀਟ ਕੀਤਾ ਕਿ ਇਕ ਘੰਟੇ ਦੇ ਇਸ ਪ੍ਰੋਗਰਾਮ ਵਿੱਚ ਉਹ ਦੱਸਣ ਕਿ ਕੀ ਉਨ੍ਹਾਂ ਇਕ ਵੀ ਪ੍ਰਸ਼ਨ ਢੰਗ ਦਾ ਕੀਤਾ ਹੈ। ਵਿਨਫਰੇ, ਜਿਸ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਗੋਲਡਨ ਗਲੋਬਜ਼ ਐਵਾਰਡ ਮਿਲਿਆ ਹੈ, ਨੇ ਆਪਣੀ ਟੀਵੀ ਸ਼ੋਅ ਵਿੱਚ ਸਿਆਸੀ ਦੌੜ ਵਿੱਚ ਸ਼ਾਮਲ ਹੋਣ ਸਬੰਧੀ ਸੰਕੇਤ ਦਿੱਤਾ ਸੀ।