ਗੁਰਦੁਆਰਾ ਸੱਚ ਖੰਡ ਈਸ਼ਰ ਦਰਬਾਰ ਸੈਕਰਾਮੈਂਟੋ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

0
427

dharmik_k_darbar_gurdwara_sacramentojuly2017photo
ਸੈਕਰਾਮੈਂਟੋ/ਬਿਊਰੋ ਨਿਊਜ਼:
ਅਮਰੀਕੀ ਪੰਜਾਬੀ ਕਵੀਆਂ ਵਲੋਂ ਗੁਰਦੁਆਰਾ ਸੱਚ ਖੰਡ ਈਸ਼ਰ ਦਰਬਾਰ (7616 Range View Road, Sacramento) ਸੈਕਰਾਮੈਂਟੋ ਵਿਖੇ ਵਿਸ਼ੇਸ਼ ਦਿਵਾਨਾਂ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ਰਧਾ ਭਾਵਨਾ ਨਾਲ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਸ਼ਾਇਰ ਪ੍ਰਵਾਨਾ ਨੇ ਮੰਚ ਸੰਭਾਲਦਿਆਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ‘ਤੇ ਰੌਸ਼ਨੀ ਪਾਈ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਢਾਈ ਸਾਲ ਦੀ ਗੁਰਤਾ ਵਿਚ ਬੜੀ ਸਿਆਣਪ, ਦ੍ਰਿੜਤਾ ਅਤੇ ਨਿਰਭੈਤਾ ਨਾਲ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਧਰਮ ਪ੍ਰਚਾਰ ਵੀ ਉਸੇ ਤਰ੍ਹਾਂ ਜਾਰੀ ਰੱਖਿਆ ਜਿਵੇਂ ਪਹਿਲਾਂ ਤੋਂ ਚਲਿਆ ਆ ਰਿਹਾ ਸੀ। ਲੋੜ ਪੈਣ ‘ਤੇ ਉਨ੍ਹਾਂ ਨੇ ਥਾਂ ਥਾਂ ਲੰਗਰ ਵਰਤਾਏ ਅਤੇ ਸਾਫ਼ ਪਾਣੀ ਦੇ ਪ੍ਰਬੰਧ ਕੀਤੇ। ਉਨ੍ਹਾਂ ਨੇ ਸੱਚੀ ਸੁੱਚੀ ਕਿਰਤ ਕਰਦਿਆਂ ਰੱਬ ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ।
ਧਾਰਮਿਕ ਕਵੀ ਦਰਬਾਰ ਵਿੱਚ ਪ੍ਰਮਿੰਦਰ ਸਿੰਘ ਰਾਏ ਖਾਨ ਖਾਨਾ, ਤਰਸੇਮ ਸਿੰਘ, ਸੁਮਨ, ਗੁਰਦਿਆਲ ਸਿੰਘ ਨੂਰਪੁਰੀ, ਜਸਦੀਪ ਸਿੰਘ ਫਰੀਮੌਂਟ, ਮਹਿੰਦਰ ਸਿੰਘ ਰਾਜਪੂਤ, ਪ੍ਰਮਿੰਦਰ ਸਿੰਘ ਪਰਵਾਨਾ, ਗੁਰਮੇਲ ਕੌਰ, ਪਰਮਜੀਤ ਕੌਰ ਅਤੇ ਬਲਵਿੰਦਰ ਸਿੰਘ ਨੇ ਭਾਗ ਲਿਆ। ਸੰਗਤਾਂ ਵਲੋਂ ਸਾਰਾ ਪ੍ਰੋਗਰਾਮ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਬਾਨੀ ਬਾਬਾ ਕਸ਼ਮੀਰ ਸਿੰਘ ਨੇ ਕਿਹਾ ਕਿ ਜਿਥੇ ਅਸੀਂ ਕਵੀਆਂ ਦੇ ਧੰਨਵਾਦੀ ਹਾਂ, ਉਥੇ ਉਨ੍ਹਾਂ ਨੂੰ ਹਮੇਸ਼ਾ ਲਈ ਸੱਦਾ ਹੈ ਜਦੋਂ ਚਾਹੁਣ ਧਾਰਮਿਕ ਕਵੀ ਦਰਬਾਰ ਸਜਾ ਸਕਦੇ ਹਨ। ਨੇੜਲੇ ਭਵਿੱਖ ਵਿਚ ਵੱਡੇ ਪੱਧਰ ‘ਤੇ ਧਾਰਮਿਕ ਕਵੀ ਦਰਬਾਰ ਸਜਾਉਣ ਦਾ ਉਪਰਾਲਾ ਕੀਤਾ ਜਾਵੇਗਾ। ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਕਵੀਆਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।