ਡੈਲਸ, ਟੈਕਸਸ ਵਿਚ ਗੁਰਪੁਰਬ ‘ਤੇ ਸਜਿਆ ਮਹਾਨ ਨਗਰ ਕੀਰਤਨ

0
649

5
ਡੈਲਸ ਟੈਕਸਸ/ਹਰਜੀਤ ਢੇਸੀ:
ਡੈਲਸ ਫੋਰਟਵਰਥ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਥੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਸਿੰਘ ਸਭਾ ਰਿਚਰਡਸਨ ਤੋਂ ਅਰਦਾਸ ਉਪਰੰਤ ਕਰੀਬ ਬਾਅਦ ਦੁਪਹਿਰ 1:00 ਵਜੇ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਨੀ ਪੰਜ ਪਿਆਰੇ ਕਰ ਰਹੇ ਸਨ। ਸਭ ਤੋਂ ਅੱਗੇ ਨਗਾਰਾ ਵੱਜ ਰਿਹਾ ਸੀ ਅਤੇ ਉਸ ਪਿੱਛੇ ਅਮਰੀਕਾ ਅਤੇ ਟੈਕਸਸ ਸਟੇਟ ਦੇ ਪਰਚਮ ਅਤੇ ਖਾਲਸਾਈ ਨਿਸ਼ਾਨ ਸਾਹਿਬ ਲੈ ਕੇ ਨਿਸ਼ਾਨਚੀ ਚੱਲ ਰਹੇ ਸਨ।
ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਰਾਗੀ ਜਥੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਮਧੁਰ ਧੁਨਾਂ ਮਾਹੌਲ ਵਿਚ ਰਸ ਘੋਲ ਰਹੇ ਸਨ। ਗੁਰੂ ਗਰੰਥ ਸਾਹਿਬ ਦੀ ਪਾਲਕੀ ਦੇ ਪਿੱਛੇ ਵੱਖ ਵੱਖ ਗੁਰੂ ਘਰਾਂ ਦੇ ਫਲੋਟ ਤੋਂ ਇਲਾਵਾ ਸਿੱਖ ਯੂਥ ਆਫ਼ ਅਮੈਰਿਕਾ ਦਾ ਫਲੋਟ ਜਾ ਰਿਹਾ ਸੀ ਜਿਸ ਉਪਰ ਖਾੜਕੂ ਲਹਿਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ। ਗੁਰੂ ਕੀਆਂ ਸੰਗਤਾਂ ਗੁਰੂ ਜਸ ਗਾਉਂਦੀਆਂ ਹਾਜ਼ਰੀ ਲੁਆ ਰਹੀਆਂ ਸਨ। ਥਾਂ ਥਾਂ ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਭੋਜਨ ਪਦਾਰਥਾਂ ਦੇ ਲੰਗਰ ਲਾਏ ਗਏ ਸਨ। ਨਗਰ ਕੀਰਤਨ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਹੋਂ ਹੁੰਦਾ ਵਾਪਸ ਗੁਰਦੁਆਰਾ ਰਿਚਰਡਸਨ ਵਿਖੇ ਸਮਾਪਤ ਹੋਇਆ ਇਸ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅਸਮਾਨ ਵਿਚ ਗੂੰਜ ਦੇ ਰਹੇ।
ਨਗਰ ਕੀਰਤਨ ਅਰੰਭ ਹੋਣ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਵਿਖੇ ਆਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਵੀ ਇਸ ਮੌਕੇ ਗੁਰੂ ਘਰ ਵਿਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸਭਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਯੂਨਈਟਿਡ ਸਿੱਖਸ ਦੇ ਬੁਲਾਰੇ ਗੁਰਵਿੰਦਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਮਰੀਕੀ ਪ੍ਰਸਾਸਨ ਵੱਲੋਂ ਸਿੱਖਾਂ ਦੀ ਸੁਰੱਖਿਆ ਲਈ ਚੁੱਕੇ ਕਦਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਤੇ ਮਿਸ਼ਨ ਤੇ ਚਾਨਣਾ ਪਾਇਆ ਸਟੇਜ ਸਕੱਤਰ ਦੀ ਸੇਵਾ ਗੁਰੂ ਘਰ ਦੇ ਸਕੱਤਰ ਭਾਈ ਸੁਰਿੰਦਰ ਸਿੰਘ ਗਿੱਲ ਨੇ ਨਿਭਾਉਂਦਿਆਂ ਸਥਾਨਕ ਪ੍ਰਸ਼ਾਸਨ ਅਤੇ ਸਹਿਯੋਗੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।